ਲੱਬਰ ਦਾ ਸਰਪੰਚ ਤੇ ਪੰਚ ਮੁਅੱਤਲ
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਕੰਢੀ ਦੇ ਪਿੰਡ ਲੱਬਰ ਦੇ ਸਰਪੰਚ ਤੇ ਪੰਚ ਨੂੰ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ਨੇ ਇਹ ਕਾਰਵਾਈ ਨਾਇਬ ਤਹਿਸੀਲਦਾਰ ਤਲਵਾੜਾ ਵੱਲੋਂ ਕੀਤੀ ਨਿਸ਼ਾਨਦੇਹੀ ਉਪਰੰਤ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਕੀਤੀ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਬੀ ਡੀ ਪੀ ਓ ਤਲਵਾੜਾ ਵੱਲੋਂ ਲਿਖਤੀ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ ਪਿੰਡ ਲੱਬਰ ਦੇ ਸਰਪੰਚ ਜਸਵੰਤ ਸਿੰਘ ਤੇ ਪੰਚ ਨਰਿੰਦਰ ਸਿੰਘ ਨੇ ਪੰਚਾਇਤ ਦੀ ਕ੍ਰਮਵਾਰ ਕਰੀਬ ਅੱਠ ਤੇ ਕਰੀਬ 18 ਮਰਲੇ ਜ਼ਮੀਨ ਉੱਤੇ ਕਬਜ਼ਾ ਕੀਤਾ ਹੈ। ਬੀ ਡੀ ਪੀ ਓ ਤਲਵਾੜਾ ਨੇ ਜੂਨ ਅਤੇ ਜੁਲਾਈ ਮਹੀਨੇ ਦੌਰਾਨ ਪੱਤਰ ਲਿਖ ਕੇ ਪਿੰਡ ਦੇ ਸਰਪੰਚ ਅਤੇ ਪੰਚ ਨੂੰ ਹਫ਼ਤੇ ਦੇ ਅੰਦਰ-ਅੰਦਰ ਨਿਸ਼ਾਨਦੇਹੀ ਅਨੁਸਾਰ ਕਬਜ਼ੇ ਹਟਾ ਕੇ ਲਿਖਤੀ ਰਿਪੋਰਟ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਕੇਸ ਦਾਇਰ ਹੋਇਆ ਹੈ।
‘ਦੋਸ਼ ਸਾਬਿਤ ਹੋਣ ਮਗਰੋਂ ਕੀਤੀ ਕਾਰਵਾਈ’
ਡੀ ਡੀ ਪੀ ਓ ਨੇ ਕਿਹਾ ਕਿ ਸਰਪੰਚ ਜਸਵੰਤ ਸਿੰਘ ਤੇ ਪੰਚ ਨਰਿੰਦਰ ਸਿੰਘ ਵੱਲੋਂ ਪੰਚਾਇਤ ਦੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼ ਸਹੀ ਸਾਬਤ ਹੋਣ ’ਤੇ ਉਨ੍ਹਾਂ ਦਾ ਆਪਣੇ ਅਹੁਦਿਆਂ ’ਤੇ ਬਣੇ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ। ਜ਼ਿਲ੍ਹਾ ਪੰਚਾਇਤ ਅਧਿਕਾਰੀ ਸੰਦੀਪ ਸਿੰਘ ਨੇ ਦੱਸਿਆ ਕਿ ਬੀ ਡੀ ਪੀ ਓ ਵੱਲੋਂ ਪੱਤਰ ਲਿਖਣ ਉਪਰੰਤ ਉਨ੍ਹਾਂ ਪਿੰਡ ਲੱਬਰ ਦੇ ਸਰਪੰਚ ਜਸਵੰਤ ਸਿੰਘ ਤੇ ਪੰਚ ਨਰਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ।