ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ: ਪੀਆਰਟੀਸੀ ਵਰਕਰਾਂ ਦੇ ਪ੍ਰਦਰਸ਼ਨ ਦੌਰਾਨ ਮਾਹੌਲ ਤਣਾਅਪੂਰਨ, ਪੱਤਰਕਾਰਾਂ ਨੂੰ ਕਵਰੇਜ਼ ਤੋਂ ਰੋਕਣ ਦਾ ਦੋਸ਼

ਕਾਮਿਆਂ ਵੱਲੋਂ ਪੈਟਰੌਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼; ਵਰਕਰਾਂ ’ਤੇ ਲਾਠੀਚਾਰਜ; ਪੁੁਲੀਸ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
ਸੰਗਰੂਰ ਚ ਇੱਕ ਪ੍ਰਦਰਸ਼ਨਕਾਰੀ ਦੀ ਕੁੱਟਮਾਰ ਕਰਦੇ ਹੋਏ ਪੁਲੀਸ ਕਰਮੀ।
Advertisement

ਸੰਗਰੂਰ ਬੱਸ ਸਟੈਂਡ ਅੱਗੇ ਅੱਜ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ ਜਦੋਂ ਪੀ ਆਰ ਟੀ ਸੀ ਵਰਕਰਾਂ ਨੇ ਪ੍ਰਦਰਸ਼ਨ ਦੌਰਾਨ ਆਪਣੇ ਉਪਰ ਪੈਟਰੋਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਪੁਲੀਸ ਕਰਮੀਆਂ ਨੇ ਪ੍ਰਦਰਸ਼ਨਕਾਰੀ ਵਰਕਰਾਂ ਨੂੰ ਜਬਰੀ ਧੂਹ ਕੇ ਹਿਰਾਸਤ ਵਿਚ ਲੈ ਲਿਆ ਅਤੇ ਕੁੱਟਮਾਰ ਕੀਤੀ।

ਇਸ ਦੌਰਾਨ ਬੱਸ ਦੀ ਛੱਤ ’ਤੇ ਆਤਮਦਾਹ ਦੀ ਕੋਸ਼ਿਸ਼ ਮੌਕੇ ਪੁਲੀਸ ਨੇ ਇੱਕ ਵਰਕਰ ਨੂੰ ਬੱਸ ਤੋਂ ਹੇਠਾਂ ਸੁੱਟ ਦਿੱਤਾ ਅਤੇ ਕਰੀਬ ਅੱਧੀ ਦਰਜਨ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਪੁਲੀਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਉਨ੍ਹਾਂ ਨੂੰ ਜਬਰੀ ਘਸੀਟ ਕੇ ਬੱਸਾਂ ਵਿਚ ਸੁੱਟਿਆ ਗਿਆ। ਇਸ ਦੌਰਾਨ ਇੱਕ ਪੁਲੀਸ ਇੰਸਪੈਕਟਰ ਵੀ ਅੱਗ ਦੀ ਲਪੇਟ ਵਿਚ ਆ ਗਿਆ ਸੀ, ਜਿਸ ਨੂੰ ਸਾਥੀ ਪੁਲੀਸ ਮੁਲਾਜ਼ਮਾਂ ਨੇ ਬਚਾ ਲਿਆ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪ੍ਰਸ਼ਾਸਨ ਨੇ ਕਰੀਬ 50 ਵਰਕਰਾਂ ਨੂੰ ਜਬਰੀ ਹਿਰਾਸਤ ਵਿਚ ਲਿਆ ਅਤੇ ਪ੍ਰਦਰਸ਼ਨ ਉਖਾੜ ਦਿੱਤਾ। ਐੱਸ ਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਵਰਕਰਾਂ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਮੌਕੇ ਤੇ ਦਬੋਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਦੌਰਾਨ ਪੁਲੀਸ ਨੇ ਪੱਤਰਕਾਰਾਂ ਨੂੰ ਵੀ ਕਵਰੇਜ ਕਰਨ ਤੋਂ ਰੋਕਿਆ ਅਤੇ ਇੱਕ ਚੈਨਲ ਦੇ ਪੱਤਰਕਾਰ ਨਾਲ ਬਦਸਲੂਕੀ ਕਰਦਿਆਂ ਉਸ ਦਾ ਮੋਬਾਈਲ ਸੁੱਟ ਦਿੱਤਾ ਗਿਆ ਅਤੇ ਹੱਥੋਪਾਈ ਕੀਤੀ ਗਈ। ਜਿਸ ਤੋਂ ਰੋਹ ਵਿਚ ਆਏ ਪੱਤਰਕਾਰਾਂ ਨੇ ਪੁਲੀਸ ਖ਼ਿਲਾਫ਼ ਜੰਮ ਨਾਅਰਬਾਜ਼ੀ ਕਰਦਿਆਂ ਰੋਸ ਧਰਨਾ ਲਗਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿਹੱਥੋਪਾਈ ਕਰਨ ਵਾਲੇ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਮੁਅੱਤਲ ਕੀਤਾ ਜਾਵੇ।

ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਪੁਲੀਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਮੀਟਿੰਗ ਕਰਦਿਆਂ ਭਰੋਸਾ ਦਵਾਇਆ ਕਿ ਕਸੂਰਵਾਰ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਮੁਅੱਤਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰਣ ਅਤੇ ਮੀਡੀਆ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਭਰੋਸਾ ਦਿੱਤਾ।

Advertisement
Show comments