ਸੰਧਵਾਂ ਵੱਲੋਂ ਜਹਾਜ਼ੀ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
ਹਿਮਾਂਸ਼ੂ ਸੂਦ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ‘ਆਪ’ ਦੇ ਸੀਨੀਅਰ ਆਗੂ ਸਤਿੰਦਰ ਜੈਨ ਅੱਜ ਇੱਥੇ ਜਹਾਜ਼ੀ ਹਵੇਲੀ ਦੇ ਚੱਲ ਰਹੇ ਨਿਰਮਾਣ ਕਾਰਜ ਦੇਖਣ ਪੁੱਜੇ, ਜਿੱਥੇ ‘ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ’ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਸ੍ਰੀ ਸੰਧਵਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਇਸ ਅਸਥਾਨ ਦਾ ਗੌਰਵਮਈ ਇਤਿਹਾਸ ਹੈ, ਜੀਵਨ ਦੀ ਸਥਾਪਤੀ ਲਈ ਇਤਿਹਾਸ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਫਾਊਂਡੇਸ਼ਨ ਦੇ ਨੁਮਾਇੰਦਿਆਂ ਤੋਂ ਹਵੇਲੀ ਦੇ ਨਿਰਮਾਣ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜਹਾਜ਼ੀ ਹਵੇਲੀ ਦੇ ਚੱਲ ਰਹੇ ਨਿਰਮਾਣ ਕਾਰਜਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ’ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਆਪ’ ਆਗੂ ਸਤਿੰਦਰ ਜੈਨ ਵੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਮੌਜੂਦ ਰਹੇ। ਸਤਿੰਦਰ ਜੈਨ ਨੇ ਨਿਰਮਾਣ ਕਾਰਜਾਂ ਲਈ ਸੇਵਾਵਾਂ ਦੇਣ ਵਾਲਿਆਂ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ, ਮਹਾਰਾਣੀ ਪ੍ਰੀਤੀ ਸਿੰਘ ਨਾਭਾ ਅਤੇ ਲਖਵਿੰਦਰ ਸਿੰਘ ਕੱਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ, ਅਮਰੀਕਾ ਦੇ ਸੰਧੂ ਭਰਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਇਸ ਮੌਕੇ ਗੁਰਪ੍ਰੀਤ ਕੌਰ ਸੰਧਵਾਂ, ਪੂਨਮ ਜੈਨ, ਨਰੇਸ਼ ਗਰਗ ਬੌਬੀ ਓ.ਐੱਸ.ਡੀ., ਸਰਪੰਚ ਮਨਜੀਤ ਸਿੰਘ, ਗੁਰਜਿੰਦਰ ਸਿੰਘ ਛੰਨਾ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।