ਸੰਧਵਾਂ ਵੱਲੋਂ ਹੜ੍ਹ ਮੁੜ ਵਸੇਬਾ ਮੈਗਾ ਵੇਅਰਹਾਊਸ ਦਾ ਉਦਘਾਟਨ
ਇਸ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮਾਂ ਨੂੰ ਤੇਜ਼ੀ ਦੇਣ ਲਈ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਇੱਥੇ ਅਜਨਾਲਾ ਰੋਡ ’ਤੇ ਰੇਸਤਰਾਂ ਨੂੰ ਬਦਲ ਕੇ ਆਧੁਨਿਕ ਹੜ੍ਹ ਰਾਹਤ ਅਤੇ ਮੁੜ ਵਸੇਬਾ ਮੈਗਾ ਵੇਅਰਹਾਊਸ ਸਹੂਲਤ ਵਜੋਂ ਸਥਾਪਤ ਕਰ ਦਿੱਤਾ। ਹੁਣ ਇਹ ਕੇਂਦਰ ਰਾਹਤ ਸਮੱਗਰੀ ਦੇ ਸਟੋਰ ਅਤੇ ਵੰਡ ਲਈ ਮੁੱਖ ਹੱਬ ਵਜੋਂ ਕੰਮ ਕਰੇਗਾ। ਅੱਜ ਇਸ ਕੰਮ ਦੀ ਸ਼ੁਰੂਆਤ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ। ਇਸ ਮੇਗਾ ਵੇਅਰਹਾਊਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਵੇਅਰਹਾਊਸ ਵਿੱਚ ਇਸ ਵੇਲੇ 50 ਟਰੈਕਟਰ ਅਤੇ 10 ਜੇਸੀਬੀ ਕਚਰਾ ਹਟਾਉਣ ਲਈ, 200 ਫੌਗਿੰਗ ਮਸ਼ੀਨਾਂ ਬਿਮਾਰੀਆਂ ਤੋਂ ਬਚਾਅ ਲਈ, 1,000 ਬਰਤਨ ਕਿੱਟਾਂ, 500 ਮੀਟ੍ਰਿਕ ਟਨ ਚਾਰਾ, 500 ਕੁਇੰਟਲ ਚੌਲ ਬੀ.ਪੀ.ਐੱਲ. ਪਰਿਵਾਰਾਂ ਲਈ ਅਤੇ 1,000 ਤੋਂ ਵੱਧ ਪਰਿਵਾਰਾਂ ਲਈ ਫੋਲਡਿੰਗ ਬੈੱਡ, ਗੱਦੇ, ਚਾਦਰਾਂ, ਕੰਬਲ, ਕੁਰਸੀਆਂ, ਗੈਸ ਸਟੋਵ ਅਤੇ ਮੈਡੀਕਲ ਕਿਟਾਂ ਰੱਖੀਆਂ ਗਈਆਂ ਹਨ। ਇਹ ਸਮੱਗਰੀ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਅਤੇ ਘਰ-ਘਰ ਦੀ ਜਾਂਚ ਕਰਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਪੁਨਰਵਾਸ ਦੇ ਕਾਰਜ ਜਾਰੀ ਹਨ। ਹੜ੍ਹ ਪੀੜਤਾਂ ਨੂੰ ਯੋਗ ਮੁਆਵਾਜਾ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਫਸਲਾਂ ਦੇ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ਸ਼ ਗਿਰਦਾਵਰੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।