ਪੰਚਕੂਲਾ ’ਚ 180 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਸੈਣੀ ਨੇ ਅਗਨੀ ਦਿਖਾਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਚਕੂਲਾ ਦੇ ਸੈਕਟਰ-5 ਦੇ ਸ਼ਾਲੀਮਾਰ ਗਰਾਊਂਡ ਵਿੱਚ ਟਰਾਈ ਸਿਟੀ ਦੇ ਸਭ ਤੋਂ ਉੱਚੇ 180 ਫੁੱਟ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤੀ। ਮੁੱਖ ਮੰਤਰੀ ਸੈਣੀ ਨੇ ਇਸ ਮੌਕੇ ਕਿਹਾ ਕਿ ਅੱਜ ਬਦੀ ’ਤੇ ਨੇਕੀ ਦੀ ਜਿੱਤ ਦਾ ਦਿਨ ਹੈ। ਇਹ ਦਸਹਿਰੇ ਦਾ ਮੇਲਾ ਮਾਤਾ ਮਨਸਾ ਦੇਵੀ ਚੈਰੀਟੇਬਲ ਟਰੱਸਟ, ਦਸਹਿਰਾ ਕਮੇਟੀ ਅਤੇ ਆਦਰਸ਼ ਰਾਮਲੀਲਾ ਡਰਾਮੈਟਿਕ ਕਲੱਬ ਵੱਲੋਂ ਕਰਵਾਇਆ ਗਿਆ। ਇਸ ਮੇਲੇ ਵਿੱਚ 50 ਹਜ਼ਾਰ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ। ਮੇਲੇ ਦੇ ਪ੍ਰਬੰਧ ਕਰਨ ਲਈ 48 ਲੱਖ ਰੁਪਏ ਦਾ ਖ਼ਰਚਾ ਆਇਆ। ਇਸ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਰਿਮੋਟ ਰਾਹੀਂ ਮੁੱਖ ਮੰਤਰੀ ਨੇ ਅੱਗ ਲਗਾਈ। ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਪ੍ਰਬੰਧਕਾਂ ਅਤੇ ਰਾਮ ਲੀਲਾ ਦੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ।
ਭਾਵੇਂ ਜ਼ਿਲ੍ਹਾ ਪੁਲੀਸ ਨੇ ਸੈਕਟਰ-5 ਦੇ ਦਸਹਿਰਾ ਮੇਲੇ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਮੇਲਾ ਖ਼ਤਮ ਹੋਣ ਮਗਰੋਂ ਡੇਢ ਘੰਟੇ ਬਾਅਦ ਵੀ ਲੋਕਾਂ ਦੇ ਵਾਹਨ ਟਰੈਫਿਕ ਵਿੱਚ ਖੜ੍ਹੇ ਰਹੇ। ਕਾਲਕਾ ਦੀ ਸਬਜ਼ੀ ਮੰਡੀ ਵਿੱਚ ਦਸਹਿਰੇ ਮੌਕੇ 70 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ। ਇਸੇ ਤਰ੍ਹਾਂ ਪਿੰਜੌਰ, ਕਾਲਕਾ, ਮੋਰਨੀ, ਰਾਏਪੁਰ ਰਾਣੀ, ਬਰਵਾਲਾ ਵਿੱਚ ਵੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ। ਰਾਮਗੜ੍ਹ ਵਿੱਚ ਜਗਦੀਸ਼ ਡਰਾਮੈਟਿਕ ਕਲੱਬ ਵੱਲੋਂ ਦਸਹਿਰੇ ਸਬੰਧੀ ਸਮਾਗਮ ਕੀਤਾ ਗਿਆ। ਦੂਜੇ ਪਾਸੇ ਸੈਕਟਰ 4 ਪੰਚਕੂਲਾ ਵਿੱਚ ਸ੍ਰੀ ਰਾਮਲੀਲਾ ਯੁਵਾ ਮੰਚ ਨੂੰ ਦਸਹਿਰੇ ਸਬੰਧੀ ਸਮਾਗਮ ਕਰਵਾਉਣ ਦੀ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਮਿਲਣ ਕਾਰਨ ਕਲਾਕਾਰ ਨਿਰਾਸ਼ ਸਨ।