ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਦਿਕ ਬੈਂਕ ਧੋਖਾਧੜੀ: ਮੁੱਖ ਮੁਲਜ਼ਮ ਧੀਂਗੜਾ ਕਾਬੂ

ਪੁਲੀਸ ਨੇ ਫੋਨ ਲੋਕੇਸ਼ਨ ਦੇ ਆਧਾਰ ’ਤੇ ਕੀਤਾ ਗ੍ਰਿਫ਼ਤਾਰ
Advertisement
ਸਾਦਿਕ ਸਥਿਤ ਐੱਸਬੀਆਈ ਬ੍ਰਾਂਚ ਵਿੱਚ ਦੋ ਹਫ਼ਤੇ ਪਹਿਲਾਂ ਹੋਏ ਕਥਿਤ ਤੌਰ ’ਤੇ 50 ਕਰੋੜ ਦੇ ਘਪਲੇ ਦੇ ਮੁੱਖ ਸਾਜ਼ਿਸ਼ਘਾੜੇ ਅਮਿਤ ਧੀਂਗੜਾ ਨੂੰ ਫ਼ਰੀਦਕੋਟ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਪੰਜਾਬ ਤੋਂ ਬਾਹਰ ਰਹਿ ਰਿਹਾ ਸੀ ਅਤੇ ਪੁਲੀਸ ਦੀ ਟੈਕਨੀਕਲ ਵਿੰਗ ਦੀ ਟੀਮ ਨੇ ਫੋਨ ਲੋਕੇਸ਼ਨ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਾਦਿਕ ਦੀ ਐੱਸਬੀਆਈ ਬ੍ਰਾਂਚ ਵਿੱਚ ਖਾਤੇਦਾਰਾਂ ਨੇ ਕਰੋੜਾਂ ਰੁਪਏ ਜਮ੍ਹਾਂ ਕਰਵਾਏ ਸਨ ਜੋ ਅੱਗੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਹੋਏ। ਇਹ ਘਪਲਾ ਸਾਹਮਣੇ ਆਉਣ ਮਗਰੋਂ ਬੈਂਕ ਮੁਲਾਜ਼ਮ ਅਮਿਤ ਧੀਂਗੜਾ ਫ਼ਰਾਰ ਹੋ ਗਿਆ ਸੀ। ਬੈਂਕ ਦੀ ਸ਼ਿਕਾਇਤ ’ਤੇ ਪੁਲੀਸ ਨੇ ਧੀਂਗੜਾ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਅਮਿਤ ਧੀਂਗੜਾ ਤੇ ਰੁਪਿੰਦਰ ਕੌਰ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਇਲਾਕਾ ਮੈਜਿਸਟਰੇਟ ਲਵਦੀਪ ਹੁੰਦਲ ਨੇ ਇੱਕ ਦਿਨ ਪਹਿਲਾਂ ਹੀ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਐੱਸਬੀਆਈ ਅਧਿਕਾਰੀਆਂ ਅਨੁਸਾਰ ਹੁਣ ਤੱਕ ਉਨ੍ਹਾਂ ਕੋਲ 200 ਖਾਤੇਦਾਰਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ ਜਿਨ੍ਹਾਂ ਨਾਲ ਕਥਿਤ ਤੌਰ ’ਤੇ ਅਮਿਤ ਧੀਂਗੜਾ ਨੇ ਕਰੋੜਾਂ ਦੀ ਠੱਗੀ ਮਾਰੀ ਹੈ।

ਬੈਂਕ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਇਹ ਗੱਲ ਸਪੱਸ਼ਟ ਹੋ ਜਾਵੇਗੀ ਕਿ ਖਾਤੇਦਾਰਾਂ ਨਾਲ ਕਿਹੜੇ ਢੰਗ ਨਾਲ ਠੱਗੀ ਮਾਰੀ ਗਈ ਅਤੇ ਇਸ ਵਿੱਚ ਹੋਰ ਕਿੰਨੇ ਬੈਂਕ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ। ਪੁਲੀਸ ਸੂਤਰਾਂ ਨੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਦਾ ਦਾਅਵਾ ਕਰਦਿਆਂ ਕਿਹਾ ਕਿ ਭਲਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਲਦ ਹੀ ਸਾਰੇ ਮਾਮਲਾ ਲੋਕਾਂ ਸਾਹਮਣੇ ਆ ਜਾਵੇਗਾ।

Advertisement

 

Advertisement