ਬੇਅਦਬੀ ਵਾਲੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਨਾ ਕੀਤੀਆਂ ਜਾਣ: ਗਿਆਨੀ ਰਘਬੀਰ ਸਿੰਘ
ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਭੰਨਤੋੜ ਕੀਤੇ ਜਾਣ ਦੀ ਵੀਡੀਓ ਦੇ ਮਾਮਲੇ ਵਿੱਚ ਸਖ਼ਤ ਇਤਰਾਜ਼ ਜਤਾਇਆ ਹੈ। ਬੀਤੇ ਦਿਨ ਆਪਣੇ ਗ੍ਰਹਿ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਸਿੱਖ ਸੰਗਤ ਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਵੀਡੀਓ ਅਤੇ ਤਸਵੀਰਾਂ ਨੂੰ ਲਾਈਕ ਤੇ ਸ਼ੇਅਰ ਨਾ ਕਰਨ ਸਗੋਂ ਉਸੇ ਸੋਸ਼ਲ ਮੀਡੀਆ ’ਤੇ ਰਿਪੋਰਟ ਵਾਲੇ ਕਾਲਮ ਵਿੱਚ ਜਾ ਕੇ ਇਸ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਣ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਚਾਕਰੀ ਨੂੰ ਛੱਡ ਕੇ ਕਦੇ ਵੀ ਕਿਸੇ ਹੋਰ ਦੀ ਚਾਕਰੀ ਕਰਨ ਨੂੰ ਤਿਆਰ ਨਹੀਂ ਹਨ। ਗੁਰੂ ਘਰ ਦੀ ਸੇਵਾ ਸਭ ਤੋਂ ਵੱਡੀ ਹੈ, ਜਿੱਥੇ ਆ ਕੇ ਹਰ ਕੋਈ ਨਤਮਸਤਕ ਹੁੰਦਾ ਹੈ। ਉਨ੍ਹਾਂ ਅਸਿੱਧੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਮਰਥਨ ਨਹੀਂ ਕੀਤਾ। ਲਾਲ ਕਿਲੇ ਵਿਖੇ ਅੰਮ੍ਰਿਤਧਾਰੀ ਸਰਪੰਚ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣ ਬਾਰੇ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਦੇ ਚਿੰਨ੍ਹ ਵਾਲੇ ਰੁਮਾਲ ਨਾ ਬਣਾਉਣ ਕਿਉਂਕਿ ਕਿ ਵਧੇਰੇ ਕਰਕੇ ਮੱਥਾ ਟੇਕਣ ਤੋਂ ਬਾਅਦ ਲੋਕ ਅਕਸਰ ਇਨ੍ਹਾਂ ਰੁਮਾਲਾਂ ਨੂੰ ਸੁੱਟ ਦਿੰਦੇ ਹਨ, ਜਿਸ ਨਾਲ ਸਿੱਖ ਧਾਰਮਿਕ ਚਿੰਨ੍ਹ ਦਾ ਨਿਰਾਦਰ ਹੋ ਰਿਹਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਸਮੇਂ ਰੁਮਾਲਾ ਸਾਹਿਬ ਨਾ ਚੜ੍ਹਾਉਣ ਕਿਉਂਕਿ ਉੱਥੇ ਪਹਿਲਾਂ ਹੀ ਕਾਫ਼ੀ ਰੁਮਾਲੇ ਉਪਲਬਧ ਹਨ।