ਮੇਰੇ ਅਸਤੀਫ਼ਾ ਦੇਣ ਦੀ ਚਰਚਾ ਅਫ਼ਵਾਹ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਾਫ਼ ਕੀਤਾ ਕਿ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਨੇ ਕਦੇ ਵੀ ਸੂਬਾਈ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਨਹੀਂ ਕਿਹਾ। ਅਸਤੀਫ਼ੇ ਬਾਰੇ ਚੱਲ ਰਹੀ ਚਰਚਾ ਅਫ਼ਵਾਹ ਤੋਂ ਵੱਧ ਕੁਝ ਨਹੀਂ। ਉਹ ਤਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਲਈ ਟਿਕਟਾਂ ਵੰਡ ਰਹੇ ਹਨ ਅਤੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਗੱਲ ਕਿਸੇ ਵੱਲੋਂ ਜਾਣ-ਬੁੱਝ ਕੇ ਫੈਲਾਈ ਜਾ ਰਹੀ ਹੈ, ਜਦੋਂ ਅਜਿਹੀ ਕੋਈ ਗੱਲ ਹੋਵੇਗੀ ਤਾਂ ਉਹ ਖ਼ੁਦ ਮੀਡੀਆ ਨੂੰ ਦੱਸਣਗੇ।
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੜਿੰਗ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਕਾਂਗਰਸੀ ਉਮੀਦਵਾਰਾਂ ਨਾਲ ਹੋਈ ਧੱਕੇਸ਼ਾਹੀ ਦੇ ਹਵਾਲੇ ਨਾਲ ਪੁਲੀਸ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਪਿੱਠੂ ਬਣੇ ਅਫ਼ਸਰਾਂ ਨੂੰ ਨਾ ਉਹ ਭੁੱਲਣਗੇ ਅਤੇ ਨਾ ਹੀ ਮੁਆਫ਼ ਕਰਨਗੇ। ਸਰਕਾਰ ਪੰਜਾਬ ’ਚ ਮੁਨੀਸ਼ ਸਿਸੋਦੀਆ ਦੇ ‘ਸਾਮ, ਦਾਮ, ਦੰਡ, ਭੇਦ’ ਦੇ ਹੁਕਮਾਂ ’ਤੇ ਪਹਿਰਾ ਦੇ ਰਹੀ ਹੈ, ਜਿਸ ਦਾ ਨਮੂਨਾ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ’ਚ ਦੇਖਣ ਨੂੰ ਮਿਲਿਆ ਹੈ। ਅਸਲ ਵਿੱਚ ਹਾਰ ਦੇ ਡਰੋਂ ਸੂਬਾ ਸਰਕਾਰ ਇਹ ਚੋਣਾਂ ਕਰਾਉਣਾ ਨਹੀਂ ਚਾਹੁੰਦੀ ਸੀ ਪ੍ਰੰਤੂ ਅਦਾਲਤੀ ਹੁਕਮਾਂ ਕਰਕੇ ਸਰਕਾਰ ਨੂੰ ਚੋਣਾਂ ਕਰਾਉਣੀਆਂ ਪਈਆਂ ਹਨ। ਹੁਣ ਸਰਕਾਰ ਜ਼ਿਆਦਤੀ ਕਰਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪੁਲੀਸ ਨੇ ਉਮੀਦਵਾਰਾਂ ਨੂੰ ਰੋਕਿਆ ਅਤੇ ਹੁਣ ਸਰਕਾਰ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਵੀ ਜਾਂਚ ਮੌਕੇ ਰੱਦ ਕਰ ਸਕਦੀ ਹੈ। ਸ੍ਰੀ ਵੜਿੰਗ ਨੇ ਕਾਂਗਰਸੀ ਉਮੀਦਵਾਰਾਂ ਨਾਲ ਹੋਈ ਧੱਕੇਸ਼ਾਹੀ ਦੇ ਵੇਰਵੇ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਹਾਕਮ ਧਿਰ ਨੇ ਸਮੁੱਚੀ ਚੋਣ ਮਸ਼ੀਨਰੀ ਨੂੰ ਹਾਈਜੈਕ ਕਰ ਲਿਆ ਹੈ। ਹਾਕਮ ਪਾਰਟੀ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਜੇਲ੍ਹ ਤੋਂ ਬਟਾਲਾ ਲੈ ਕੇ ਆਈ ਸੀ ਅਤੇ ਜਲੰਧਰ ਜ਼ਿਮਨੀ ਚੋਣ ਮੌਕੇ ਇੱਕ ਹੋਰ ਗੈਂਗਸਟਰ ਨੂੰ ਵਿਸ਼ੇਸ਼ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ। ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਦੀ ਆਡੀਓ ਮਾਮਲੇ ’ਚ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਲਜ਼ਾਮ ਸੱਚ ਸਾਬਤ ਹੋਣ ’ਤੇ ਅਧਿਕਾਰੀ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਅਸਲ ਵਿੱਚ ਪੁਲੀਸ ਅਧਿਕਾਰੀ ਤਾਂ ਹੇਠਾਂ ਤੋਂ ਲੈ ਕੇ ਉਪਰ ਤੱਕ ‘ਆਪ’ ਦੇ ਏਜੰਡੇ ’ਤੇ ਹੀ ਕੰਮ ਕਰ ਰਹੇ ਹਨ। ਸੱਤਾ ਬਦਲੀ ਮਗਰੋਂ ਅਜਿਹੇ ਸਾਰੇ ਪੁਲੀਸ ਅਧਿਕਾਰੀ ਕਾਨੂੰਨ ਅਧੀਨ ਜੁਆਬਦੇਹ ਹੋਣਗੇ। ਕਿਸੇ ਵੀ ਅਜਿਹੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਜਾਂ ਅਕਾਲੀਆਂ ਵੱਲੋਂ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੇ ਜਾਣ ਦੀ ‘ਆਪ’ ਦੀ ਦਲੀਲ ਨੂੰ ਜੇ ਸੱਚ ਵੀ ਮੰਨ ਲਈਏ ਤਾਂ ਮੌਜੂਦਾ ਸਰਕਾਰ ਨੇ ਚਾਰ ਵਰ੍ਹਿਆਂ ’ਚ ਕੀ ਕੀਤਾ ਹੈ।
ਵਿਰੋਧੀ ਹਾਰ ਤੋਂ ਘਬਰਾਏ: ਪੰਨੂ
ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਅਸਲ ਵਿੱਚ ਵਿਰੋਧੀ ਸਿਆਸੀ ਧਿਰਾਂ ਨੂੰ ਇਨ੍ਹਾਂ ਚੋਣਾਂ ’ਚ ਹਾਰ ਸਾਫ਼ ਨਜ਼ਰ ਆ ਰਹੀ ਹੈ ਅਤੇ ਇਸ ਹਾਰ ਤੋਂ ਬੌਖਲਾਹਟ ’ਚ ਆ ਕੇ ਵਿਰੋਧੀ ਆਗੂ ਝੂਠੇ ਇਲਜ਼ਾਮ ਲਗਾ ਰਹੀਆਂ ਹਨ। ਹਾਰ ਨੂੰ ਦੇਖਦਿਆਂ ਵਿਰੋਧੀ ਪਹਿਲਾਂ ਹੀ ਰੌਲਾ ਪਾਉਣ ਲੱਗੇ।
