ਵਿਦੇਸ਼ ਗਏ ਜੋੜੇ ਦੇ ਖਾਤਿਆਂ ਵਿੱਚੋਂ 17 ਲੱਖ ਰੁਪਏ ਉਡਾਏ
ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਧੋਖਾਧਡ਼ੀ; ਕੇਸ ਦਰਜ
Advertisement
ਇੱਥੋਂ ਦੇ ਵਿਦੇਸ਼ ਗਏ ਪਤੀ-ਪਤਨੀ ਦੇ ਖਾਤਿਆਂ ਵਿੱਚੋਂ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਬੈਂਕ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਮਿਲੀਭੁਗਤ ਕਰਕੇ ਇੱਕ ਵਿਅਕਤੀ ਨੇ 17 ਲੱਖ ਰੁਪਏ ਦੇ ਕਰੀਬ ਕਢਵਾ ਲਏ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਸਿਟੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੈਸੇ ਕਢਵਾਉਣ ਵਾਲੇ ਦੀ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ। ਕੋਟਕਪੂਰਾ ਨਿਵਾਸੀ ਰਮੇਸ਼ ਕੁਮਾਰ ਅਨੁਸਾਰ ਉਸ ਦੇ ਅਤੇ ਉਸ ਦੀ ਪਤਨੀ ਦੇ ਤਿੰਨ ਵੱਖ ਵੱਖ ਬੈਂਕਾਂ ਵਿੱਚ ਖਾਤੇ ਹਨ ਅਤੇ ਦੋ ਸਾਲ ਪਹਿਲਾਂ ਉਹ ਵਿਦੇਸ਼ ਚਲੇ ਗਏ ਜਿਸ ਕਾਰਨ ਖਾਤਿਆਂ ਨਾਲ ਜੁੜਿਆ ਮੋਬਾਈਲ ਨੰਬਰ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਮੋਬਾਈਲ ਕੰਪਨੀ ਨੇ ਬਾਅਦ ਵਿੱਚ ਇਹ ਨੰਬਰ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਅਤੇ ਉਸ ਨੇ ਇਸ ਦਾ ਫਾਇਦਾ ਉਠਾਉਂਦਿਆਂ ਡੇਢ ਸਾਲ ਤੱਕ ਦੋਨਾਂ ਦੇ ਖਾਤਿਆਂ ਵਿਚੋਂ ਲਗਾਤਾਰ 17 ਲੱਖ ਦੇ ਕਰੀਬ ਦਾ ਲੈਣ ਦੇਣ ਕੀਤਾ ਅਤੇ ਇਸ ਵਿੱਚੋਂ ਜ਼ਿਆਦਾਤਰ ਲੈਣ-ਦੇਣ ਆਨਲਾਈਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਵਾਪਸ ਆ ਕੇ ਜਦੋਂ ਉਨ੍ਹਾਂ ਖਾਤਾ ਦੇਖਿਆ ਤਾਂ ਇਸ ਬਾਰੇ ਪਤਾ ਲੱਗਾ ਅਤੇ ਪੁਲੀਸ ਕੋਲ ਇਸ ਦੀ ਸ਼ਿਕਾਇਤ ਕੀਤੀ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਦੇ ਐੱਸਐੱਸਓ ਇੰਸਪੈਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰਮੇਸ਼ ਕੁਮਾਰ ਦੀ ਸ਼ਿਕਾਇਤ ਮੁਤਾਬਕ ਜਾਂਚ ਕਰਨ ਮਗਰੋਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਜਸਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਹੁਣ ਪੜਤਾਲ ਕੀਤੀ ਜਾ ਰਹੀ ਹੈ ਕਿ ਜਸਵਿੰਦਰ ਸਿੰਘ ਨੇ ਬੈਂਕ ਦੇ ਕਿਹੜੇ ਕਿਹੜੇ ਕਰਮਚਾਰੀਆਂ ਨਾਲ ਮਿਲ ਕੇ ਇਹ ਪੈਸੇ ਕਢਵਾਏ ਹਨ, ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement