ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਵੱਖ-ਵੱਖ ਪਿੰਡਾਂ ’ਚ ਮਕਾਨਾਂ ਦੀਆਂ ਛੱਤਾਂ ਡਿੱਗੀਆਂ

ਸ਼ੈੱਡ ਡਿੱਗਣ ਕਾਰਨ ਮੱਝ ਮਰੀ; ਪੀਡ਼ਤ ਪਰਿਵਾਰਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਮਾਲੀ ਮਦਦ ਦੀ ਅਪੀਲ
ਪਿੰਡ ਖਿਆਲਾ ਕਲਾਂ ਵਿੱਚ ਡਿੱਗੀ ਛੱਤ ਦਿਖਾਉਂਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ।
Advertisement

ਇਸ ਇਲਾਕੇ ਅੰਦਰ ਲਗਾਤਾਰ ਪਏ ਮੀਂਹ ਕਾਰਨ ਸ਼ੇਖਪੁਰਾ, ਨੱਤ, ਗੁਰੂਸਰ ਜਗਾ ਆਦਿ ਪਿੰਡਾਂ ਵਿੱਚ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਿੰਡ ਸ਼ੇਖਪੁਰਾ ਵਿੱਚ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ ਦਾ ਮਕਾਨ ਡਿੱਗਣ ਕਾਰਨ ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ ਹੈ। ਇਸੇ ਹੀ ਪਿੰਡ ਦੇ ਮਲਕੀਤ ਸਿੰਘ ਅਤੇ ਵਿਧਵਾ ਗੋਲੋ ਕੌਰ ਦੇ ਕਮਰਿਆਂ ਦੀ ਛੱਤ ਵੀ ਮੀਂਹ ਕਾਰਨ ਡਿੱਗ ਗਈ। ਇਨ੍ਹਾਂ ਵਿੱਚੋਂ ਬਹੁਤੇ ਪਰਿਵਾਰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ। ਪਿੰਡਾਂ ਦੇ ਮੋਹਤਬਰਾਂ ਅਤੇ ਸਰਪੰਚਾਂ ਨੇ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਪਿੰਡ ਨੱਤ ਦੇ ਕਿਸਾਨ ਜਗਸੀਰ ਸਿੰਘ ਦੇ ਪਸ਼ੂਆਂ ਵਾਲੇ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਪਸ਼ੂਆਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਗੁਰੂਸਰ ਜਗਾ ਵਿੱਚ ਇੰਦਰਜੀਤ ਸਿੰਘ ਦਾ ਪਸ਼ੂਆਂ ਵਾਲਾ ਸ਼ੈੱਡ ਡਿੱਗਣ ਕਾਰਨ ਇੱਕ ਮੱਝ ਦੀ ਮੌਤ ਹੋ ਗਈ।

ਗੁਰੂਹਰਸਹਾਏ (ਅਸ਼ੋਕ ਸੀਕਰੀ): ਪਿੰਡ ਚੱਕ ਕੰਧੇ ਸ਼ਾਹ ਵਿੱਚ ਮੀਂਹ ਕਾਰਨ ਅਜੀਤ ਸਿੰਘ ਦੇ ਮਕਾਨ ਦੀ ਛੱਤ ਡਿੱਗ ਗਈ। ਪੀੜਤ ਨੇ ਦੱਸਿਆ ਕਿ ਛੱਤ ਤੇ ਮਲਬੇ ਅਤੇ ਮੀਂਹ ਦੇ ਪਾਣੀ ਕਾਰਨ ਉਸ ਦਾ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ। ਇਸ ਕਾਰਨ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਅਜੀਤ ਸਿੰਘ ਨੇ ਦੱਸਿਆ ਕਿ ਉਹ 100 ਫ਼ੀਸਦੀ ਅਪਾਹਜ ਹੈ ਤੇ ਉਸ ਦੀ ਪਤਨੀ 65 ਫ਼ੀਸਦੀ ਅਪਾਹਜ ਹੈ। ਉਸ ਦੇ ਬੱਚੇ ਛੋਟੇ ਹਨ ਜੋ ਹਾਲੇ ਪੜ੍ਹਾਈ ਕਰ ਰਹੇ ਹਨ। ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਸ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪੱਕਾ ਮਕਾਨ ਬਣਾਉਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ।

Advertisement

ਤਪਾ ਮੰਡੀ (ਸੀ ਮਾਰਕੰਡਾ): ਤਪਾ ਦੇ ਗੁਰੂ ਗੋਬਿੰਦ ਸਿੰਘ ਨਗਰ ’ਚ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਘਰ ਦੇ ਮਾਲਕ ਮੱਖਣ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਪਏ ਭਰਵੇਂ ਮੀਂਹ ਕਾਰਨ ਉਸ ਦੇ ਮਕਾਨ ਦੀਆਂ ਕੰਧਾਂ ਅਤੇ ਛੱਤ ਨੂੰ ਨੁਕਸਾਨ ਪੁੱਜਿਆ ਸੀ। ਹੁਣ ਭਾਵੇਂ ਦੋ ਦਿਨਾਂ ਤੋਂ ਮੌਸਮ ਸਾਫ਼ ਸੀ ਪਰ ਕੰਧਾਂ ਨੂੰ ਹੋਏ ਨੁਕਸਾਨ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਮਲਬੇ ਹੇਠ ਆਉਣ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਨਾਨਕ ਸਿੰਘ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਮੀਂਹ ਮਗਰੋਂ ਤੇਜ਼ ਧੁੱਪ ਕਾਰਨ ਮਕਾਨਾਂ ’ਚ ਤਰੇੜਾਂ ਆਈਆਂ

ਮਾਨਸਾ (ਜੋਗਿੰਦਰ ਸਿੰਘ ਮਾਨ): ਮੀਂਹਾਂ ਤੋਂ ਬਾਅਦ ਹੁਣ ਨਿਕਲਣ ਲੱਗੀ ਤੇਜ਼ ਧੁੱਪ ਮਕਾਨਾਂ ਲਈ ਸਮੱਸਿਆ ਬਣਨ ਲੱਗੀ ਹੈ। ਇਸ ਕਾਰਨ ਕੰਧਾਂ ’ਚ ਤਰੇੜਾਂ ਆਉਣ ਮਕਾਨ ਡਿੱਗਣ ਲੱਗੇ ਹਨ। ਪਿੰਡ ਭੈਣੀਬਾਘਾ ਵਿੱਚ ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਦੇ ਡੰਗਰਾਂ ਵਾਲੇ 60 ਫੁੱਟ ਲੰਬੇ ਕਮਰੇ ਦੀ ਛੱਤ ਡਿੱਗ ਗਈ। ਇਸੇ ਦੌਰਾਨ ਪਿੰਡ ਖਿਆਲਾ ਕਲਾਂ ਵਿੱਚ ਮੀਂਹ ਕਾਰਨ ਦੋ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ। ਬਲਦੇਵ ਸਿੰਘ (65) ਛੱਤ ਦੇ ਮਲਬੇ ਹੇਠ ਆਉਣ ਕਾਰਨ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੀ ਘਟਨਾ ਵਿੱਚ ਪਰਮਜੀਤ ਕੌਰ ਪੁੱਤਰੀ ਚੰਦ ਸਿੰਘ ਦਾ ਮਕਾਨ ਡਿੱਗ ਪਿਆ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਦੋ ਹੀ ਕਮਰੇ ਸਨ, ਇੱਕ ਡਿੱਗ ਪਿਆ ਹੈ ਅਤੇ ਦੂਜਾ ਵੀ ਖਸਤਾ ਹਾਲਤ ਵਿੱਚ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ।

 

Advertisement
Show comments