ਨੌਸਰਬਾਜ਼ਾਂ ਨੇ ਬਜ਼ੁਰਗ ਨੂੰ ਹਫ਼ਤੇ ’ਚ ਦੂਜੀ ਵਾਰ ਲੁੱਟਿਆ
ਸੀ ਮਾਰਕੰਡਾ
ਇਥੋਂ ਨੇੜਲੇ ਪਿੰਡ ਦੇ 80 ਸਾਲਾ ਬਜ਼ੁਰਗ ਨੂੰ ਨੌਸਰਬਾਜ਼ਾਂ ਨੇ ਹਫ਼ਤੇ ਵਿੱਚ ਦੋ ਵਾਰ ਸ਼ਿਕਾਰ ਬਣਾ ਕੇ ਕਰੀਬ ਚਾਰ ਹਜ਼ਾਰ ਰੁਪਏ ਲੁੱਟ ਲਏ ਹਨ। ਬਜ਼ੁਰਗ ਮੁਕੰਦ ਸਿੰਘ ਵਾਸੀ ਘੜੈਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਤਪਾ ਤੋਂ ਬੱਸ ਤੇ ਚੜ੍ਹ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਉਸ ਨਾਲ ਅਣਪਛਾਤੀ ਔਰਤ ਬੈਠੀ ਸੀ।
ਉਸ ਨੇ ਆਪਣੇ ਖੀਸੇ ਵਿੱਚੋਂ ਬਟੂਆ ਕੱਢ ਕੇ ਕੰਡਕਟਰ ਨੂੰ ਟਿਕਟ ਲਈ ਕਿਰਾਇਆ ਦੇ ਦਿੱਤਾ। ਟਿਕਟ ਅਤੇ ਬਟੂਆ ਉਨ੍ਹਾਂ ਮੁੜ ਆਪਣੇ ਖੀਸੇ ਵਿੱਚ ਪਾ ਲਿਆ ਪਰ ਉਨ੍ਹਾਂ ਜਦੋਂ ਘਰ ਜਾ ਕੇ ਦੇਖਿਆ ਤਾਂ ਬਟੂਏ ਵਿੱਚੋਂ 3500 ਰੁਪਏ ਗਾਇਬ ਸਨ। ਅੱਜ ਵੀ ਉਹ ਜਦੋਂ ਤਪਾ-ਤਾਜੋਕੇ ਕੈਂਚੀਆਂ ’ਤੇ ਖੜ੍ਹੇ ਪਿੰਡ ਨੂੰ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਖ਼ੁਦ ਨੂੰ ਲੁੱਟ ਤੋਂ ਬਚਾਉਣ ਲਈ ਪਹਿਲਾਂ ਹੀ ਟਿਕਟ ਲੈਣ ਵਾਸਤੇ ਆਪਣੇ ਬਟੂਏ ’ਚੋਂ ਪੈਸੇ ਕੱਢ ਕੇ ਉੱਪਰਲੀ ਜੇਬ ਵਿੱਚ ਪਾਉਣ ਲੱਗੇ ਸਨ। ਇਸ ਦੌਰਾਨ ਉਸ ਕੋਲ ਨੌਜਵਾਨ ਆ ਕੇ ਖੜ੍ਹ ਗਿਆ। ਉਹ ਨੌਜਵਾਨ ਉਸ ਨਾਲ ਗੱਲ ਕਰਨ ਲੱਗਿਆ। ਉਸ ਨੇ ਕਿਹਾ ਕਿ ਉਹ ਪਿੰਡ ਘੜੈਲਾ ਤੋਂ ਹੀ ਹੈ ਪਰ ਪੀੜਤ ਨੇ ਉਸ ਪਛਾਣਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਗੱਲਾਂ ਕਰਦਾ ਹੋਇਆ ਨੌਜਵਾਨ ਕੋਲ ਖੜ੍ਹੇ ਬਜ਼ੁਰਗ ਦੇ ਹੱਥ ਵਿਚਲੇ ਨੋਟਾਂ ਨੂੰ ਝਪਟ ਮਾਰ ਕੇ ਫ਼ਰਾਰ ਹੋ ਗਿਆ। ਬਜ਼ੁਰਗ ਨੇ ਦੱਸਿਆ ਕਿ ਨੌਜਵਾਨ ਉਸ ਕੋਲੋਂ 750 ਰੁਪਏ ਖੋਹ ਕੇ ਲੈ ਗਿਆ ਹੈ।
