ਝੋਨੇ ਦੀ ਫ਼ਸਲ ਨੂੰ ਲੱਗਿਆ ਹਲਦੀ ਰੋਗ
ਸੁਰਿੰਦਰ ਸਿੰਘ ਚੌਹਾਨ
ਪੰਜਾਬ ’ਚ ਆਏ ਹੜਾਂ ਤੋਂ ਬਾਅਦ ਹੁਣ ਹਲਦੀ ਰੋਗ ਨੇ ਕਿਸਾਨਾਂ ਦੇ ਚਿਹਰੇ ਬੇਰੰਗ ਕਰ ਦਿੱਤੇ ਹਨ। ਝੋਨੇ ਦੀ ਫ਼ਸਲ ਨੂੰ ਹਲਦੀ ਰੋਗ ਨੇ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਝੋਨੇ ਦਾ ਝਾੜ ਪੰਜ ਤੋਂ ਛੇ ਕੁਇੰਟਲ ਘਟ ਗਿਆ ਹੈ। ਪੀ. ਆਰ. 126 ਕਿਸਮ ਦਾ ਝਾੜ ਪ੍ਰਤੀ ਏਕੜ 28 ਤੋਂ 30 ਕੁਇੰਟਲ ਨਿਕਲ ਦਾ ਸੀ, ਜੋ ਹੁਣ ਘਟ ਕੇ 24 ਕੁਇੰਟਲ ਰਹਿ ਗਿਆ ਹੈ। ਕਿਸਾਨਾਂ ਨੂੰ ਪਹਿਲਾਂ ਝੋਨੇ ਦੇ ਬੌਣੇਪਣ ਦੇ ਰੋਗ ਦਾ ਸ਼ਿਕਾਰ ਹੋਣਾ ਪਿਆ, ਜਿਸ ਤੋਂ ਬਾਅਦ ਬਚੀ ਫਸਲ ਨੂੰ ਹੜ੍ਹ ਨੇ ਬਰਬਾਦ ਕਰ ਦਿੱਤਾ। ਹੜ੍ਹਾਂ ਤੋਂ ਬਾਅਦ ਕੁਝ ਜ਼ਿਲ੍ਹਿਆਂ ਵਿੱਚ ਜਿਹੜੀ ਝੋਨੇ ਦੀ ਫ਼ਸਲ ਬਚੀ ਹੈ, ਉਸ ਝੋਨੇ ਨੂੰ ਹੁਣ ਹਲਦੀ ਰੋਗ ਪੈ ਗਿਆ ਹੈ। ਵੱਡੇ ਪੱਧਰ ’ਤੇ ਫੈਲਿਆ ਹਲਦੀ ਰੋਗ ਵਾਰ-ਵਾਰ ਸਪਰੇਆਂ ਕਰਨ ਤੋਂ ਬਾਅਦ ਵੀ ਨਹੀਂ ਰੁੱਕ ਰਿਹਾ। ਇਸ ਰੋਗ ਨਾਲ ਪੀ. ਆਰ. 126 ਕਿਸਮ 70 ਫ਼ੀਸਦ ਪ੍ਰਭਾਵਿਤ ਹੋ ਗਈ ਹੈ। ਕਿਸਾਨਾਂ ਨੂੰ ਬੌਣੇਪਣ ਦੇ ਰੋਗ ਨਾਲ ਖ਼ਰਾਬ ਹੋਈਆਂ ਫਸਲਾਂ ਨੂੰ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਗੁਰਜੀਤ ਸਿੰਘ ਉੱਪਲੀ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਬੌਣੇਪਣ ਅਤੇ ਹਲਦੀ ਰੋਗ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
“ਖਰਾਬ ਮੌਸਮ ਕਾਰਨ ਆਇਆ ਹਲਦੀ ਰੋਗ”
ਖੇਤੀਬਾੜੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ ਜੌਸਨ ਨੇ ਦੱਸਿਆ ਕਿ ਹਲਦੀ ਰੋਗ ਝੋਨੇ ਦੀ ਫ਼ਸਲ ਪੀ ਆਰ 126 ਕਿਸਮ ਵਿੱਚ ਜ਼ਿਆਦਾ ਆਇਆ ਹੈ। ਇਸ ਦਾ ਕਾਰਨ ਖ਼ਰਾਬ ਮੌਸਮ ਅਤੇ ਨਮੀ ਹੈ। ਇਸ ਵਾਰ ਮੌਸਮ ਫਸਲਾਂ ਦੇ ਅਨੁਕੂਲ ਨਹੀਂ ਰਿਹਾ, ਜਿਸ ਕਾਰਨ ਝੋਨੇ ਦਾ ਝਾੜ ਘਟ ਰਿਹਾ ਹੈ। ਬੌਣਾਪਣ ਝੋਨੇ ਦੀਆਂ ਨਵੀਂਆਂ ਕਿਸਮਾਂ ਵਿੱਚ ਹੋਇਆ ਹੈ। ਇਹ ਇੱਕ ਵਾਇਰਸ ਕਾਰਨ ਹੁੰਦਾ ਹੈ। ਇਸ ਦਾ ਹਾਲੇ ਕੋਈ ਇਲਾਜ ਨਹੀਂ ਆਇਆ ਹੈ। ਇਹ ਵੀ ਖਰਾਬ ਮੌਸਮ ਦਾ ਹੀ ਨਤੀਜਾ ਹੈ।