ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੋਫਾੜ ਹੋਈ
ਪਰਸ਼ੋਤਮ ਬੱਲੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਇੱਥੇ ਤਰਕਸ਼ੀਲ ਭਵਨ ਵਿਖੇ ਜਥੇਬੰਦੀ ਦੇ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੇ ਫ਼ੈਸਲਿਆਂ ਸਬੰਧੀ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਡੂੰਘੀ ਵਿਚਾਰ ਚਰਚਾ ਉਪਰੰਤ ਜਥੇਬੰਦੀ ਅੰਦਰ ਧੜੇਬੰਦੀ ਅਤੇ ਜਥੇਬੰਦੀ ਵਿਰੋਧੀ ਕਾਰਵਾਈਆਂ ਦੇ ਦੋਸ਼ਾਂ ਤਹਿਤ ਸੂਬਾਈ ਆਗੂ ਹਰਭਜਨ ਸਿੰਘ ਬੁੱਟਰ, ਗੁਰਮੀਤ ਸਿੰਘ ਦਿੱਤੂਪੁਰ ਅਤੇ ਪਵਿੱਤਰ ਸਿੰਘ ਲਾਲੀ ਨੂੰ ਜਥੇਬੰਦੀ ’ਚੋਂ ਕੱਢ ਦਿੱਤਾ ਗਿਆ। ਮੀਟਿੰਗ ਦੌਰਾਨ ਹੋਰ ਫ਼ੈਸਲਿਆਂ ਬਾਰੇ ਸ੍ਰੀ ਮਹਿਮਾ ਨੇ ਦੱਸਿਆ ਕਿ ਜਥੇਬੰਦੀ ਦੇ ਮਰਹੂਮ ਅਤੇ ਬਾਨੀ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਦੀ ਬਰਸੀ 7 ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨੱਥੂਵਾਲਾ ਗਰਬੀ ਜ਼ਿਲ੍ਹਾ ਮੋਗਾ ਵਿਖ਼ੇ ਮਨਾਈ ਜਾਵੇਗੀ।
ਮੀਟਿੰਗ ’ਚ 14 ਨਵੰਬਰ ਨੂੰ ਕੌਮੀ ਇਨਸਾਫ਼ ਮੋਰਚੇ ਦੇ ਦਿੱਲੀ ਮਾਰਚ ਵਿੱਚ ਸ਼ਮੂਲੀਅਤ ਕਰਨ ਦਾ ਫੈ਼ਸਲਾ ਵੀ ਕੀਤਾ। ਇਸ ਦੇ ਨਾਲ ਹੀ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਅਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ਾਂ ਵਿੱਚ ਪੁਰਜ਼ੋਰ ਸ਼ਮੂਲੀਅਤ ਦਾ ਫੈਸਲਾ ਕੀਤਾ। ਐੱਸ ਕੇ ਐੱਮ ਦੇ 26 ਨਵੰਬਰ ਦੇ ਪ੍ਰੋਗਰਾਮ ਲਈ ਅੱਜ ਤੋਂ ਹੀ ਤਿਆਰੀਆਂ ਦੀ ਰੂਪਰੇਖਾ ਉਲੀਕੀ ਗਈ।
ਇਸ ਮੌਕੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਖ਼ਜ਼ਾਨਚੀ ਰਣਜੀਤ ਸਿੰਘ ਚਨਾਰਥਲ, ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਚਨਾਰਥਲ, ਸੂਬਾ ਕਮੇਟੀ ਮੈਂਬਰ ਰਾਜਗੁਰਵਿੰਦਰ ਸਿੰਘ ਬਟਾਲਾ, ਸੀਨੀਅਰ ਆਗੂ ਦਲਵਿੰਦਰ ਸਿੰਘ ਸ਼ੇਰਖਾਂ, ਮਨਜੀਤ ਕੌਰ ਪਟਿਆਲਾ, ਜ਼ਿਲ੍ਹਾ ਪਟਿਆਲਾ ਤੋਂ ਅਵਤਾਰ ਸਿੰਘ ਕੌਰਜੀਵਾਲਾ ਸ਼ਾਮਲ ਹੋਏ।
ਦੂਜੇ ਪਾਸੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਧੜੇ ਨੇ ਇੱਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਵੱਖਰੀ ਮੀਟਿੰਗ ਕਰਕੇ ਜਥੇਬੰਦੀ ਵਿੱਚ ਗੁੰਡਾਗਰਦੀ, ਧੱਕੇਸ਼ਾਹੀ ਅਤੇ ਵਿਧਾਨ ਦੇ ਉਲਟ ਕਾਰਵਾਈਆਂ ਕਰਕੇ ਜਥੇਬੰਦੀ ਨੂੰ ਲਗਾਤਾਰ ਖੋਰਾ ਲਾਉਣ ਦੇ ਦੋਸ਼ ਲਗਾਉਂਦਿਆਂ ਜਥੇਬੰਦੀ ਦੇ ਸੂਬਾ ਆਗੂਆਂ ਡਾ. ਦਰਸ਼ਨ ਪਾਲ, ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਮਹਿਮਾ ਨੂੰ ਜਥੇਬੰਦੀ ’ਚੋਂ ਖ਼ਾਰਜ ਕਰਨ ਦਾ ਦਾਅਵਾ ਕਰਦਿਆਂ ਸੂਬਾ ਆਗੂ ਹਰਭਜਨ ਸਿੰਘ ਬੁੱਟਰ ਨੂੰ ਆਪਣਾ ਆਗੂ ਚੁਣ ਲਿਆ। ਮੀਟਿੰਗ ਨੂੰ ਗੁਰਮੀਤ ਸਿੰਘ ਦਿੱਤੂਪੁਰ, ਪਵਿੱਤਰ ਸਿੰਘ ਲਾਲੀ, ਗੁਰਮੀਤ ਸਿੰਘ ਪੋਜੋਕੇ ਸੁਰਜੀਤ ਕੁਮਾਰ, ਸੁਖਵਿੰਦਰ ਸਿੰਘ ਤੁਲੇਵਾਲ ਤੇ ਚਰਨਜੀਤ ਕੌਰ ਧੂੜੀਆ ਗਾਮੀਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾਅਵਾ ਕੀਤਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਬਚਾਉਣ ਵਾਸਤੇ ਅੱਜ ਕਿਰਤੀ ਲੋਕਾਂ ਦੀ ਸੁਹਿਰਦ ਆਗੂ ਟੀਮ ਨੇ ਜਥੇਬੰਦੀ ਦਾ ਕਨਵੀਨਰ ਹਰਭਜਨ ਸਿੰਘ ਬੁੱਟਰ ਨੂੰ ਆਪਣਾ ਆਗੂ ਚੁਣ ਲਿਆ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਹੁਣ ਪੰਜਾਬ ਦੇ ਕਿਸਾਨੀ ਘੋਲਾਂ ਦੇ ਵਿੱਚ ਕ੍ਰਾਂਤੀਕਾਰੀ ਆਗੂ ਬੁੱਟਰ ਦੀ ਅਗਵਾਈ ਹੇਠ ਆਪਣਾ ਬਣਦਾ ਯੋਗਦਾਨ ਪਾਵੇਗੀ।
