ਅਕਾਲੀ ਦਲ ਦੀ ਪੁਨਰ ਸੁਰਜੀਤੀ, ਵਿਧੀ ਵਿਧਾਨ ਤੇ ਨੀਤੀ ਵਿਸ਼ੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿੱਚ ਤਿੰਨ-ਰੋਜ਼ਾ ਵਿਚਾਰ ਗੋਸ਼ਟੀ ਦੇ ਦੂਸਰੇ ਦਿਨ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅਕਾਲੀ ਦਲ ਦੀਆਂ ਖਾਮੀਆਂ ਬਾਰੇ ਚਰਚਾ ਕੀਤੀ। ਦੂਜੇ ਦਿਨ ਦੀ ਵਿਚਾਰ ਗੋਸ਼ਟੀ ਦੇ ਪਹਿਲੇ ਬੁਲਾਰੇ ਦਵਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਸਿੱਖੀ ਤੋਂ ਸੱਖਣੇ ਵਿਅਕਤੀਆਂ ਦੀ ਅਗਵਾਈ ਕਰ ਕੇ ਅਕਾਲੀ ਦਲ ਵਿੱਚ ਗਿਰਾਵਟ ਆਈ ਹੈ। ਮਨਦੀਪ ਸਿੰਘ ਸਿੱਧੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਕਿਰਨਜੋਤ ਕੌਰ ਨੇ ਸਿੱਖੀ ਜਜ਼ਬੇ ਬਿਨਾਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਨੂੰ ਅਸੰਭਵ ਕਰਾਰ ਦਿੱਤਾ। ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਬਾਰੇ ਪੂਰੇ ਸੰਸਾਰ ਦੇ ਸਿੱਖਾਂ ਦੀ ਸਹਿਮਤੀ ਬਿਨਾਂ ਇਕੱਲੀ ਸ਼੍ਰੋਮਣੀ ਕਮੇਟੀ ਨੂੰ ਫ਼ੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਨੀਤੀ ਸਪੱਸ਼ਟ ਕੀਤੇ ਬਿਨਾਂ ਢਾਂਚਾ ਨਹੀਂ ਬਣ ਸਕਦਾ। ਡਾ. ਤਜਿੰਦਰ ਕੌਰ ਨੇ ਸ਼੍ਰੋਮਣੀ ਕਮੇਟੀ ਅਤੇ ਦਲ ਦੇ ਪ੍ਰਧਾਨ ਦੀ ਅਗਵਾਈ ਸਬੰਧੀ ਢਾਂਚਾ ਬਣਾਉਣ ਦੀ ਗੱਲ ਆਖੀ। ਅਕਾਲੀ ਦਲ (ਅੰਮ੍ਰਿਤਸਰ) ਤੋਂ ਪ੍ਰੋ. ਮਹਿੰਦਰਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਭਾਗੀਵਾਂਦਰ ਨੇ ਅਕਾਲੀਆਂ ਵਿੱਚ ਸਿੱਖੀ ਕਿਰਦਾਰ ਨੂੰ ਅਹਿਮ ਮੰਨਿਆ ਹੈ। ਸੁਖਦੇਵ ਸਿੰਘ ਫ਼ਗਵਾੜਾ ਅਤੇ ਪਰਮਪਾਲ ਸਿੰਘ ਸਭਰਾਅ ਨੇ ਗੁਰਦੁਆਰਾ ਪ੍ਰਬੰਧ ਵਿੱਚ ਚੋਣਾਂ ਨੂੰ ਸਮੱਸਿਆ ਕਰਾਰ ਦਿੱਤਾ ਹੈ। ਸੰਤ ਅਤਰ ਸਿੰਘ ਦੇ ਹਵਾਲੇ ਨਾਲ ਸੁਖਦੀਪ ਸਿੰਘ ਮੀਕੇ ਨੇ ਅਕਾਲੀਆਂ ਵਿਚਲੀ ਦੁਵਿਧਾ ਨੂੰ ਦੂਰ ਕਰਨ ਹਿੱਤ ਹੋਰ ਵਿਚਾਰਾਂ ਕਰਨ ਦੀ ਗੱਲ ਆਖੀ। ਇਸ ਮੌਕੇ ਸਾਬਕਾ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਜਥੇਦਾਰ ਹਰਦੀਪ ਸਿੰਘ ਡਿਬਡਿਵਾ, ਜਥੇਦਾਰ ਮਿੱਠੂ ਸਿੰਘ ਕਾਹਨੇਕੇ, ਭਾਈ ਮਨਧੀਰ ਸਿੰਘ, ਭਾਈ ਪਰਮਜੀਤ ਸਿੰਘ ਗਾਜ਼ੀ, ਡਾਕਟਰ ਗੁਰਵੀਰ ਸਿੰਘ ਸੋਹੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਅਤੇ ਸਰੋਤਿਆਂ ਦਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਧੰਨਵਾਦ ਕੀਤਾ। ਗੋਸ਼ਟੀ ਦੇ ਦੂਜੇ ਦਿਨ ਵੀ ਪਿੰਡਾਂ ਤੇ ਸ਼ਹਿਰਾਂ ’ਚੋਂ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।
ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਡੈਲੀਗੇਟ ਇਜਲਾਸ
ਜਲੰਧਰ (ਹਤਿੰਦਰ ਮਹਿਤਾ): ਇਥੇ ਅਕਾਲੀ ਦਲ ਦੀ ਸੁਰਜੀਤੀ ਲਈ ਕਾਇਮ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ \Bਪਾਤਸ਼ਾਹੀ\B ਨੌਵੀਂ ਵਿੱਚ ਡੈਲੀਗੇਟ ਇਜਲਾਸ ਕਰਵਾਇਆ ਗਿਆ। ਇਸ ਪੰਥਕ ਜਜ਼ਬੇ ਵਾਲੇ ਇੱਕਠ ਦੀ ਅਗਵਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਯੂਥ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਸਾਂਝੇ ਤੌਰ ’ਤੇ ਕੀਤੀ। ਟਕਸਾਲੀ ਅਕਾਲੀ ਪਰਿਵਾਰ ਵਿੱਚੋਂ ਆਉਂਦੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਡੈਲੀਗੇਟ ਇਜਲਾਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਹਰ ਸਿੱਖ ਲਈ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ। ਉਨ੍ਹਾਂ ਅਕਾਲ ਤਖ਼ਤ ਨੂੰ ਸਿੱਖ ਕੌਮ ਦਾ ਧੁਰਾ ਦੱਸਦਿਆਂ ਕਿਹਾ ਕਿ ਇਸ ਕੌਮੀ ਧੁਰੇ ਤੋਂ ਟੁੱਟੇ ਤੇ ਸਿਧਾਂਤਹੀਣ ਆਗੂਆਂ ਨੇ ਪਹਿਲਾਂ ਹੀ ਪੰਥਕ ਜਜ਼ਬੇ ਨੂੰ ਖੋਰਾ ਲਗਾਉਣ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪੰਜ ਮੈਂਬਰੀ ਕਮੇਟੀ ਮੈਂਬਰਾਂ ਵਿੱਚ ਸ਼ਾਮਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਡੈਲੀਗੇਟ ਸਰਬਸਮੰਤੀ ਨਾਲ ਚੁਣਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪ੍ਰਵਾਨਿਤ ਪ੍ਰਧਾਨ ਮਿਲੇਗਾ।