ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਿਕਾਰ ਕੌਰ ਗਹਿਰੀ ਨੇ ਪੰਜ ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਬਣਾਈ

ਵਿਜੀਲੈਂਸ ਨੇ ਕੀਤਾ ਖੁਲਾਸਾ; ਕਾਂਗਰਸ ਦੇ ਰਾਜ ਦੌਰਾਨ ਮਹਿੰਗੀਆਂ ਕਾਰਾਂ, 32 ਤੋਲੇ ਸੋਨਾ ਤੇ ਅਸਲਾ ਖਰੀਦਣ ਦੀ ਪੁਸ਼ਟੀ
Advertisement

ਦਵਿੰਦਰ ਪਾਲ

ਚੰਡੀਗੜ੍ਹ, 23 ਸਤੰਬਰ

Advertisement

ਪੰਜਾਬ ਵਿਜੀਲੈਂਸ ਬਿਊਰੋ ਦੀ ਪੜਤਾਲ ਮੁਤਾਬਕ ਕਾਂਗਰਸ ਦੀ ਸਾਬਕਾ ਵਿਧਾਇਕਾ ਅਤੇ ਮੌਜੂਦਾ ਭਾਜਪਾ ਨੇਤਾ ਸਤਿਕਾਰ ਕੌਰ ਗਹਿਰੀ ਵੱਲੋਂ ਵਿਧਾਇਕਾ ਚੁਣੇ ਜਾਣ ਤੋਂ ਬਾਅਦ ਕਾਂਗਰਸ ਦੇ ਸਾਸ਼ਨ ਦੌਰਾਨ ਸੂਬੇ ਵਿੱਚ ਕਈ ਥਾਵਾਂ ’ਤੇ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਗਈਆਂ। ਵਿਜੀਲੈਂਸ ਮੁਤਾਬਕ ਇਸ ਬੀਬੀ ਅਤੇ ਉਸ ਦੇ ਪਤੀ ਕੋਲ ਮਹਿੰਗੀਆਂ ਕਾਰਾਂ ਅਤੇ ਅਸਲਾ ਵੀ ਹੈ, ਜਿਸ ਦੀ ਖਰੀਦ ਵੀ ਇਸੇ ਸਮੇਂ ਦੌਰਾਨ ਹੋਈ। ਵਿਧਾਇਕਾ ਵੱਲੋਂ ਜ਼ਿਆਦਾਤਰ ਜ਼ਮੀਨ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਹੀ ਖਰੀਦੀ ਗਈ।

ਵਿਜੀਲੈਂਸ ਵੱਲੋਂ ਜਿਨ੍ਹਾਂ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਸ ਮੁਤਾਬਕ ਸਤਿਕਾਰ ਕੌਰ ਗਹਿਰੀ ਨੇ ਆਪਣੇ ਨਾਮ ’ਤੇ ਸੰਨੀ ਐਨਕਲੇਵ ਵਿੱਚ 51 ਲੱਖ 46 ਹਜ਼ਾਰ 400 ਰੁਪਏ ਖ਼ਰਚ ਕੇ 20 ਜੂਨ 2018 ਨੂੰ ਰਿਹਾਇਸ਼ੀ ਕੋਠੀ ਖਰੀਦੀ। ਫ਼ਿਰੋਜ਼ਪੁਰ ਦੇ ਪਿੰਡ ਆਲੇ ਵਾਲਾ ਵਿੱਚ ਕ੍ਰਿਸ਼ਨਾ ਐਨਕਲੇਵ ਵਿੱਚ 22 ਮਈ 2019 ਨੂੰ ਰਿਹਾਇਸ਼ੀ ਕੋਠੀ ਆਪਣੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ 15 ਲੱਖ 15 ਹਜ਼ਾਰ 600 ਰੁਪਏ ’ਚ ਖਰੀਦੀ। ਇਸ ਕੋਠੀ ’ਤੇ 53 ਲੱਖ 21 ਹਜ਼ਾਰ 572 ਰੁਪਏ ਖਰਚੇ ਗਏ। ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਫ਼ਤਹਿਗੜ੍ਹ ਵਿੱਚ ਆਪਣੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ 72 ਹਜ਼ਾਰ 280 ਰੁਪਏ ਵਿੱਚ 18 ਮਈ 2021 ਨੂੰ ਜ਼ਮੀਨ ਖਰੀਦੀ ਗਈ। ਇਸ ਜ਼ਮੀਨ ਵਿੱਚ 47 ਲੱਖ 2 ਹਜ਼ਾਰ 980 ਰੁਪਏ ਖ਼ਰਚ ਕਰਕੇ ਰਿਹਾਇਸ਼ੀ ਕੋਠੀ ਬਣਾਈ ਗਈ। ਕੋਠੀ ਦੇ ਪਿੱਛੇ ਬਣੇ ਕੈਟਲ ਸ਼ੈੱਡ ’ਤੇ 3 ਲੱਖ 86 ਹਜ਼ਾਰ ਰੁਪਏ ਖਰਚੇ ਗਏ। ਫਿਰੋਜ਼ਪੁਰ ਦੇ ਪਿੰਡ ਆਲੇ ਵਾਲਾ ਦੇ ਕ੍ਰਿਸ਼ਨਾ ਐਨਕਲੇਵ ਵਿੱਚ 17 ਜਨਵਰੀ 2020 ਨੂੰ 3 ਲੱਖ 41 ਹਜ਼ਾਰ ਰੁਪਏ ’ਚ ਪਲਾਟ ਖਰੀਦਿਆ ਗਿਆ। ਇਸ ਪਲਾਟ ਵਿੱਚ ਬਣਾਏ ਮਕਾਨ ’ਤੇ 7 ਲੱਖ 53 ਹਜ਼ਾਰ ਰੁਪਏ ਖ਼ਰਚੇ ਗਏ। ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਗੁਰੂਹਰਸਹਾਏ ਦੇ ਪਿੰਡ ਫ਼ਤਹਿਗੜ੍ਹ ਵਿੱਚ 16 ਕਨਾਲ ਵਾਹੀਯੋਗ ਜ਼ਮੀਨ ਆਪਣੇ ਪਤੀ ਦੇ ਨਾਮ ’ਤੇ 28 ਦਸੰਬਰ 2017 ਨੂੰ ਖਰੀਦੀ ਗਈ। ਇਸ ’ਤੇ 9 ਲੱਖ 63 ਹਜ਼ਾਰ ਰੁਪਏ ਖ਼ਰਚ ਕੀਤੇ।

ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਗੁਰੂਹਰਸਹਾਏ ਦੇ ਪਿੰਡ ਜੰਡ ਵਾਲਾ ਵਿੱਚ 6 ਮਾਰਚ 2018 ਨੂੰ 14 ਕਨਾਲ 17 ਮਰਲੇ 1 ਸਰਸਾਹੀ ਵਾਹੀਯੋਗ ਜ਼ਮੀਨ ਆਪਣੇ ਪਤੀ ਜਸਮੇਲ ਸਿੰਘ ਦੇ ਨਾਂ ’ਤੇ ਖਰੀਦੀ, ਜਿਸ ’ਤੇ 9 ਲੱਖ 63 ਹਜ਼ਾਰ 700 ਰੁਪਏ ਖ਼ਰਚ ਕੀਤੇ ਗਏ। ਤਹਿਸੀਲ ਗੁਰੂਹਰਸਹਾਏ ਦੇ ਪਿੰਡ ਜੰਡ ਵਾਲਾ ਵਿੱਚ 6 ਮਾਰਚ 2018 ਨੂੰ ਵਾਹੀਯੋਗ ਜ਼ਮੀਨ ਆਪਣੇ ਪਤੀ ਦੇ ਨਾਮ ’ਤੇ 8 ਲੱਖ 94 ਹਜ਼ਾਰ 610 ਰੁਪਏ ’ਚ ਖ਼ਰੀਦੀ। ਤਹਿਸੀਲ ਗੁਰੂਹਰਸਹਾਏ ਦੇ ਪਿੰਡ ਫ਼ਤਹਿਗੜ੍ਹ ਗਹਿਰੀ ਵਿੱਚ 21 ਜਨਵਰੀ ਨੂੰ 11 ਕਨਾਲ ਵਾਹੀਯੋਗ ਜ਼ਮੀਨ ਆਪਣੇ ਪਤੀ ਦੇ ਨਾਮ ’ਤੇ ਖਰੀਦੀ। ਇਸੇ ਪਿੰਡ ਵਿੱਚ 29 ਦਸੰਬਰ 2020 ਨੂੰ 47 ਕਨਾਲ 8 ਮਰਲੇ ਵਾਹੀਯੋਗ ਜ਼ਮੀਨ 6 ਲੱਖ 63 ਹਜ਼ਾਰ 580 ਰੁਪਏ ਵਿੱਚ ਅਤੇ 23 ਕਨਾਲ 4.5 ਮਰਲੇ ਜ਼ਮੀਨ 18 ਮਈ 2021 ਨੂੰ ਆਪਣੇ ਪਤੀ ਦੇ ਨਾਮ ’ਤੇ 28 ਲੱਖ 55 ਹਜ਼ਾਰ 150 ਰੁਪਏ ’ਚ ਖਰੀਦੀ। ਇਸੇ ਦਿਨ ਇਸੇ ਪਿੰਡ ਵਿੱਚ 10 ਕਨਾਲ 9 ਮਰਲੇ ਹੋਰ ਜ਼ਮੀਨ ਆਪਣੇ ਪਤੀ ਦੇ ਨਾਮ ’ਤੇ ਖਰੀਦੀ।

ਵਿਜੀਲੈਂਸ ਮੁਤਾਬਕ ਸਤਿਕਾਰ ਕੌਰ ਗਹਿਰੀ ਸਾਬਕਾ ਵਿਧਾਇਕਾ ਅਤੇ ਉਸ ਦੇ ਪਤੀ ਜਸਮੇਲ ਸਿੰਘ ਵੱਲੋਂ 32.50 ਗ੍ਰਾਮ ਸੋਨਾ ਖਰੀਦਿਆ ਗਿਆ। ਇੱਕ ਮਹਿੰਦਰਾ ਸਕਾਰਪੀਓ, ਇਨੋਵਾ, ਬੀਐੱਮਡਬਲਿਊ ਕਾਰ ਅਤੇ ਟਰੈਕਟਰ ਵੀ ਇਸੇ ਸਮੇਂ ਦੌਰਾਨ ਖਰੀਦਿਆ ਗਿਆ। ਸਤਿਕਾਰ ਕੌਰ ਅਤੇ ਉਸ ਦੇ ਪਤੀ ਵੱਲੋਂ ਆਪਣੇ ਨਾਮ ’ਤੇ 32 ਬੋਰ ਪਿਸਟਲ, ਪਤੀ ਜਸਮੇਲ ਸਿੰਘ ਦੇ ਨਾਮ ’ਤੇ ਦੋ 315 ਬੋਰ ਰਾਈਫਲ ਅਤੇ ਦੋ 32 ਬੋਰ ਪਿਸਤੌਲ ਖਰੀਦੇ ਗਏ ਹਨ।

Advertisement
Show comments