ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ’ਵਰਸਿਟੀ ’ਚ ਚਮੜੀ ਦੇ ਕੈਂਸਰ ਦੀ ਪਛਾਣ ਬਾਰੇ ਖੋਜ

ਬਿਮਾਰੀ ਦੀ ਸਮੇਂ ਸਿਰ ਤੇ ਸਹੀ ਪਛਾਣ ਸਦਕਾ ਜਲਦੀ ਸ਼ੁਰੂ ਹੋ ਸਕੇਗਾ ਇਲਾਜ
Advertisement

ਸਰਬਜੀਤ ਸਿੰਘ ਭੰਗੂ

ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦੀ ਜਲਦੀ ਤੇ ਸੁਰੱਖਿਅਤ ਢੰਗ ਨਾਲ਼ ਪਛਾਣ ਦੀ ਵਿਧੀ ਲੱਭਣ ਵੱਲ ਅਹਿਮ ਕਾਰਜ ਕੀਤਾ ਗਿਆ ਹੈ। ਇਲੈਕਟ੍ਰਾਨਿਕ ਅਤੇ ਕਮਿਊਨੀਕੇਸ਼ਨਜ਼ ਵਿਭਾਗ ਵਿੱਚ ਡਾ. ਬਾਲ ਕ੍ਰਿਸ਼ਨ ਦੀ ਨਿਗਰਾਨੀ ਹੇਠ ਖੋਜਾਰਥੀ ਡਾ. ਸ਼ੈਲੀ ਨੇ ਡਰਮੋਸਕੋਪਿਕ ਡਿਜੀਟਲ ਚਿੱਤਰਾਂ ਵਿੱਚ ਚਮੜੀ ਦੇ ਕੈਂਸਰ ਦਾ ਪਤਾ ਲਗਾਉਣ ਬਾਰੇ ਖੋਜ ਕੀਤੀ ਹੈ। ਡਾ. ਸ਼ੈਲੀ ਨੇ ਦੱਸਿਆ ਕਿ ਇਹ ਖੋਜ ਚਮੜੀ ਦੇ ਕੈਂਸਰ ਦੀਆਂ ਕਿਸਮਾਂ ਦਾ ਪਤਾ ਲਗਾਉਣ ਲਈ ਬੇਲੋੜੇ ਬਾਇਓਪਸੀ ਟੈਸਟ ਘਟਾਉਣ ਹਿਤ ਡਰਮੋਸਕੋਪਿਕ ਇਮੇਜਿੰਗ ਦੀ ਵਰਤੋਂ ਬਾਰੇ ਹੈ। ਅਧਿਐਨ ਰੋਗ ਪਛਾਣ ਦੀ ਸ਼ੁੱਧਤਾ ਨੂੰ ਬਿਹਤਰ ਬਣਾਉਣ ਲਈ ਉੱਚ-ਪੱਧਰੀ ਤਕਨੀਕਾਂ ਦੀ ਵਰਤੋਂ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਕੈਂਸਰ ਦਾ ਜਲਦੀ ਪਤਾ ਲੱਗਣਾ ਅਹਿਮ ਹੁੰਦਾ ਹੈ। ਇਸ ਰੋਗ ਦੀ ਜਲਦੀ ਅਤੇ ਸਹੀ ਪਛਾਣ ਨਾਲ ਮੌਤ ਦਰ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਕੈਂਸਰ ਕਾਰਨ ਮੌਜੂਦਾ ਸਮੇਂ ਵੱਡੀ ਗਿਣਤੀ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਇਹ ਦਰ ਸਾਲਾਨਾ ਇੱਕ ਫ਼ੀਸਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਕੈਂਸਰ ਦੀ ਸ਼ੁਰੂ ਵਿੱਚ ਪਛਾਣ ਨਹੀਂ ਹੁੰਦੀ ਜੋ ਘਾਤਕ ਸਾਬਿਤ ਹੁੰਦੀ ਹੈ। ਇਹ ਖੋਜ ਕਾਰਜ ਅਜਿਹੇ ਸੁਰੱਖਿਅਤ ਡਾਇਗਨੌਸਟਿਕ ਟੂਲ ਵਿਕਸਤ ਕਰਨ ਵਿੱਚ ਯੋਗਦਾਨ ਪਾਉਂਦਾ ਹੈ ਜੋ ਡਾਕਟਰੀ ਪੇਸ਼ੇਵਰਾਂ ਨੂੰ ਸ਼ੁਰੂਆਤੀ ਪੜਾਅ ’ਤੇ ਰੋਗ ਲੱਭਣ ਅਤੇ ਇਲਾਜ ਵਿੱਚ ਸਹਾਇਤਾ ਕਰ ਸਕਦੇ ਹਨ। ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਇਹ ਅਧਿਐਨ ਚਮੜੀ ਦੇ ਜ਼ਖ਼ਮਾਂ ਦੀ ਪਛਾਣ ਲਈ ਨਿਪੁੰਨ ਸਿਖਲਾਈ ਆਧਾਰਿਤ ਵਿਧੀ ਪੇਸ਼ ਕਰਦਾ ਹੈ। ਇਹ ਹਾਈਬ੍ਰਿਡ ਪਹੁੰਚ ਚਮੜੀ ਦੇ ਜ਼ਖ਼ਮਾਂ ਦੇ ਵਰਗੀਕਰਨ ਦੀ ਸ਼ੁੱਧਤਾ ਨੂੰ ਵਧਾਉਂਦੇ ਹੋਏ ਕੰਪਿਊਟੇਸ਼ਨਲ ਜਟਿਲਤਾ ਨੂੰ ਘਟਾਉਂਦੀ ਹੈ।

Advertisement

ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਪ੍ਰੀ-ਪ੍ਰਾਸੈਸਿੰਗ, ਸੈਗਮੈਂਟੇਸ਼ਨ ਫੀਚਰ ਐਕਸਟ੍ਰੈਕਸ਼ਨ ਅਤੇ ਵਰਗੀਕਰਨ ਲਈ ਵਿਕਸਿਤ ਇਮੇਜ ਪ੍ਰਾਸੈਸਿੰਗ ਤਕਨੀਕਾਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ। ਆਈ ਐੱਸ ਆਈ ਸੀ ਅਤੇ ਪੀ ਐੱਚ-2 ਡੇਟਾਸੈੱਟ ਦੀ ਵਰਤੋਂ ਕਰਦੇ ਹੋਏ ਸਬੰਧਤ ਐਲਗੋਰਿਦਮ ਨੂੰ ਪ੍ਰਮਾਣਿਤ ਕਰਦਿਆਂ ਬਿਹਤਰ ਉੱਚ ਪੱਧਰੀ ਸਿਖਲਾਈ-ਆਧਾਰਤ ਵਰਗੀਕਰਨ ਪਹੁੰਚ ਦੀ ਵਰਤੋਂ ਕੀਤੀ ਗਈ ਹੈ। ਖੋਜ ਰਾਹੀਂ ਆਈ ਐੱਸ ਆਈ ਸੀ ਲਈ 99.62 ਫ਼ੀਸਦੀ ਸ਼ੁੱਧਤਾ ਅਤੇ ਪੀ ਐੱਚ-2 ਡੇਟਾਸੈੱਟ ਲਈ 99.98 ਫ਼ੀਸਦੀ ਪ੍ਰਾਪਤ ਹੋਈ ਹੈ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਮਨੁੱਖੀ ਜ਼ਿੰਦਗੀ ਨੂੰ ਮਾਰੂ ਬਿਮਾਰੀਆਂ ਅਤੇ ਅਜਿਹੀਆਂ ਹੋਰ ਅਲਾਮਤਾਂ ਤੋਂ ਬਚਾਉਣ ਵਾਲ਼ੀਆਂ ਖੋਜਾਂ ਕਰਨਾ ਸਮੇਂ ਦੀ ਲੋੜ ਹੈ। ਮਾਨਵਤਾ ਦੀ ਬਿਹਤਰੀ ਲਈ ਕੀਤੀਆਂ ਖੋਜਾਂ ਅਦਾਰਿਆਂ ਦੀ ਪਛਾਣ ਦੇ ਦਾਇਰੇ ਨੂੰ ਵਧਾਉਂਦੀਆਂ ਹਨ।

Advertisement
Show comments