ਭਰਤੀ ਕਮੇੇਟੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ’ਚ ਕਰਨ ਦੀ ਇਛੁੱਕ
ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਮੁਹਿੰਮ ਦੇ ਆਖ਼ਰੀ ਪੜਾਅ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੂਰਾ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਹਾਲ ਲੈਣ ਦੀ ਇਜਾਜ਼ਤ ਲਈ ਪੱਤਰ ਸੌਂਪਿਆ ਗਿਆ। ਭਰਤੀ ਕਮੇਟੀ ਵੱਲੋਂ ਮੈਂਬਰ ਬੀਬੀ ਸਤਵੰਤ ਕੌਰ ਰਾਹੀਂ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੀ ਦੇਣ ਦੀ ਮੰਗ ਵਾਲਾ ਬੇਨਤੀ ਪੱਤਰ ਸੌਂਪਿਆ ਗਿਆ। ਭਰਤੀ ਕਮੇਟੀ ਜਥੇਬੰਦੀ ਦੇ ਪ੍ਰਧਾਨ ਦੀ ਚੋਣ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਕਰਨਾ ਚਾਹੁੰਦੀ ਹੈ।
ਇਸ ਸਬੰਧ ਵਿੱਚ ਭਰਤੀ ਕਮੇਟੀ ਦੇ ਮੈਂਬਰਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੌਂਪੇ ਗਏ ਪੱਤਰ ਨੂੰ ਪ੍ਰਾਪਤ ਕਰਨ ਉਪਰੰਤ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਰਿਸੀਵਿੰਗ ਨੰਬਰ 23175 ਦਿੱਤਾ ਗਿਆ, ਜਿਸ ਲਈ ਭਰਤੀ ਕਮੇਟੀ ਦੇ ਕਾਰਜਸ਼ੀਲ ਮੈਬਰਾਂ ਵੱਲੋਂ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ ਅਤੇ ਸੰਤਾ ਸਿੰਘ ਉਮੈਦਪੁਰੀ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਰਵਾਇਤ ਅਨੁਸਾਰ ਅਤੇ ਐੱਸਜੀਪੀਸੀ ਦੇ ਪ੍ਰਬੰਧਕੀ ਵਿਭਾਗ ਦੀ ਤੈਅ ਫ਼ੀਸ ਅਤੇ ਸ਼ਰਤ ਮੁਤਾਬਿਕ ਜਿਹੜੀ ਭੇਟਾ ਬਣਦੀ ਹੈ, ਜਿਹੜੀ ਹੁਣ ਤੱਕ ਜਨਰਲ ਇਜਲਾਸ ਮੌਕੇ ਲਈ ਜਾਂਦੀ ਰਹੀ ਹੈ, ਉਸ ਨੂੰ ਵੀ ਐੱਸਜੀਪੀਸੀ ਦੇ ਪ੍ਰਬੰਧਕੀ ਵਿਭਾਗ ਕੋਲ ਜਮ੍ਹਾਂ ਕਰਵਾਇਆ ਜਾਵੇਗਾ।
ਭਰਤੀ ਕਮੇਟੀ ਦੇ ਮੈਂਬਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਦੋ ਦਸੰਬਰ ਨੂੰ ਜਿਹੜੀ ਸੇਵਾ ਉਨ੍ਹਾਂ ਦੇ ਹਿੱਸੇ ਆਈ ਸੀ। ਉਸ ਨੂੰ ਬੜੀ ਇਮਾਨਦਾਰੀ ਨਾਲ ਅਤੇ ਪੰਥ ਤੇ ਪੰਜਾਬ ਦੇ ਵਢੇਰੇ ਹਿੱਤਾਂ ਲਈ ਪੂਰਾ ਕਰਨ ਵਿੱਚ ਕਮੇਟੀ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਸੰਗਤ ਦੀ ਹਾਜ਼ਰੀ ਵਿੱਚ ਪੂਰਨ ਵਿਧੀ ਵਿਧਾਨ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਚੋਣ ਨੂੰ ਪੂਰਾ ਕੀਤਾ ਜਾਵੇਗਾ। ਭਰਤੀ ਕਮੇਟੀ ਦੀ ਇਸ ਮੰਗ ਨਾਲ ਸ਼੍ਰੋਮਣੀ ਕਮੇਟੀ ਹੁਣ ਦੁਵਿਧਾ ਵਿੱਚ ਹੈ। ਕੀ ਉਹ ਭਰਤੀ ਕਮੇਟੀ ਨੂੰ ਇਸ ਚੋਣ ਵਾਸਤੇ ਇਹ ਇਤਿਹਾਸਕ ਹਾਲ ਦੀ ਵਰਤੋਂ ਦਾ ਹੱਕ ਦੇਵੇਗੀ ਜਾਂ ਨਹੀਂ, ਇਹ ਆਉਣ ਵਾਲੇ ਕੁਝ ਦਿਨਾਂ ਵਿਚ ਸਾ਼ਹਮਣੇ ਆ ਜਾਵੇਗਾ।