ਭਰਤੀ ਕਮੇਟੀ ਦਾ ਡੈਲੀਗੇਟ ਇਜਲਾਸ ਅੱਜ; ਨਵਾਂ ਅਕਾਲੀ ਦਲ ਹੋਂਦ ’ਚ ਆਉਣ ਦੇ ਆਸਾਰ
ਰਾਜਸੀ ਅਤੇ ਧਾਰਮਿਕ ਵਿੰਗ ਦੀ ਅਗਵਾਈ ਲੲੀ ਦੋ ਆਗੂਆਂ ਦੀ ਕੀਤੀ ਜਾਵੇਗੀ ਚੋਣ
Advertisement
ਪੰਜਾਬ ਵਿੱਚ ਭਲਕੇ ਸੋਮਵਾਰ ਨੂੰ ਇੱਕ ਨਵੀਂ ਸਿਆਸੀ ਪਾਰਟੀ ਅਕਾਲੀ ਦਲ ਵਜੋਂ ਸਥਾਪਿਤ ਹੋਵੇਗੀ। ਇਹ ਜਥੇਬੰਦੀ ਅਕਾਲ ਤਖ਼ਤ ਵੱਲੋਂ ਦੋ ਦਸੰਬਰ ਨੂੰ ਬਣਾਈ ਗਈ ਭਰਤੀ ਕਮੇਟੀ ਵੱਲੋਂ ਕਾਇਮ ਕੀਤੀ ਜਾਵੇਗੀ। ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਡੈਲੀਗੇਟ ਇਜਲਾਸ ਇੱਥੇ ਹਰਿਮੰਦਰ ਸਾਹਿਬ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਨਿਹੰਗ ਜਥੇਬੰਦੀ ਬੁੱਢਾ ਦਲ ਦੀ ਛਾਉਣੀ ਸਥਿਤ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਕੀਤਾ ਜਾ ਰਿਹਾ ਹੈ। ਇਜਲਾਸ ਸਵੇਰੇ ਲਗਭਗ 11 ਵਜੇ ਸ਼ੁਰੂ ਹੋਵੇਗਾ ਜਿਸ ’ਚ 500 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ। ਡੈਲੀਗੇਟਾਂ ਵੱਲੋਂ ਪ੍ਰਧਾਨ ਦੀ ਚੋਣ ਵਾਸਤੇ ਕਿਸੇ ਇੱਕ ਉਮੀਦਵਾਰ ਦਾ ਨਾਂ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਤਾਈਦ ਤੇ ਮਜੀਦ ਹੋਵੇਗੀ। ਜੇ ਕੋਈ ਹੋਰ ਨਾਮ ਪੇਸ਼ ਨਾ ਹੋਇਆ ਤਾਂ ਪ੍ਰਧਾਨ ਦਾ ਨਾਂ ਸਰਬਸੰਮਤੀ ਨਾਲ ਐਲਾਨ ਦਿੱਤਾ ਜਾਵੇਗਾ। ਇਸ ਵੇਲੇ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਦੇ ਨਾਮ ਅੱਗੇ ਚੱਲ ਰਹੇ ਹਨ। ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਸ਼ਖਸੀਅਤ ਪਾਰਟੀ ਦੇ ਰਾਜਸੀ ਅਤੇ ਦੂਜੀ ਧਾਰਮਿਕ ਵਿੰਗ ਦੀ ਅਗਵਾਈ ਕਰੇਗੀ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਵੇਂ ਪ੍ਰਧਾਨਗੀ ਦੇ ਅਹੁਦੇ ਵਾਸਤੇ ਸਪੱਸ਼ਟ ਇਨਕਾਰ ਕਰ ਦਿੱਤਾ ਸੀ ਪਰ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਮਨਾ ਲਿਆ ਗਿਆ ਹੈ।
ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਸਿੱਖ ਸਿਆਸਤ ਮੀਰੀ-ਪੀਰੀ ਦੇ ਸਿਧਾਂਤ ’ਤੇ ਚਲਦੀ ਹੈ। ਇਸੇ ਲਈ ਪਾਰਟੀ ਵਿੱਚ ਇੱਕ ਰਾਜਸੀ ਅਤੇ ਇੱਕ ਧਾਰਮਿਕ ਵਿੰਗ ਹੋਵੇਗਾ। ਧਾਰਮਿਕ ਕਾਰਜਾਂ ਵਿੱਚ ਰਾਜਸੀ ਵਿੰਗ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਨਵੇਂ ਬਣੇ ਪ੍ਰਧਾਨ ਦੀ ਸਲਾਹ ਦੇ ਨਾਲ ਪਾਰਟੀ ਦੇ ਹੋਰ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਆਦਿ ਨੂੰ ਨਾਮਜ਼ਦ ਕੀਤਾ ਜਾਵੇਗਾ।
Advertisement
ਡੈਲੀਗੇਟ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਤੋਂ ਇਲਾਵਾ ਧਾਰਮਿਕ, ਸਿਆਸੀ ਅਤੇ ਸਮਾਜਿਕ ਹਾਲਾਤ ਉਪਰ ਮਤੇ ਵੀ ਪਾਸ ਕੀਤੇ ਜਾਣਗੇ। ਇੱਕ ਹੋਰ ਆਗੂ ਜਸਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਪਾਰਟੀ ਨੂੰ ਚੋਣ ਕਮਿਸ਼ਨ ਤੋਂ ਮਾਨਤਾ ਦਿਵਾਉਣ ਲਈ ਚੋਣ ਪ੍ਰਕਿਰਿਆ ਵਾਸਤੇ ਇੱਕ ਅਬਜ਼ਰਵਰ ਦਾ ਨਾਮ ਹੀ ਭੇਜਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਤੈਅ ਕਰੇਗਾ ਕਿ ਕਿਹੜੇ ਅਕਾਲੀ ਦਲ ਨੇ ਵੱਧ ਅਤੇ ਸਪੱਸ਼ਟ ਆਧਾਰ ’ਤੇ ਭਰਤੀ ਕੀਤੀ ਹੈ।
Advertisement