ਸੜਕ ਧੱਸਣ ਕਾਰਨ ਕਈ ਘੰਟਿਆਂ ਤੱਕ ਟ੍ਰੈਫ਼ਿਕ ਜਾਮ
ਤੜਕੇ ਸਾਢੇ ਚਾਰ ਵਜੇ ਦਾ ਜਾਮ ਸਵੇਰੇ ਸਾਢੇ ਨੌਂ ਵਜੇ ਖੁੱਲ੍ਹਿਆ; ਜੇ.ਸੀ.ਬੀ. ਦੀ ਮਦਦ ਨਾਲ ਸਹੀ ਕੀਤਾ ਰਸਤਾ
Advertisement
ਪੰਜਾਬ ਦੇ ਸਭ ਤੋਂ ਅਖੀਰਲੇ ਕਸਬੇ ਦੁਨੇਰਾ ਵਿਖੇ ਕਟੋਰੀ ਬੰਗਲਾ ਰੈਸਟ ਹਾਊਸ ਦੇ ਕੋਲ ਸੜਕ ਜ਼ਮੀਨ ਵਿੱਚ ਧੱਸ ਜਾਣ ਅਤੇ ਇੱਕ ਟਰੱਕ ਸੜਕ ਵਿਚਕਾਰ ਹੀ ਅੱਧਾ ਪਲਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਚੰਬਾ, ਡਲਹੌਜ਼ੀ ਨੂੰ ਜਾਣ ਵਾਲਾ ਸਾਰਾ ਟ੍ਰੈਫ਼ਿਕ ਜਾਮ ਹੋ ਗਿਆ।ਸੜਕ ’ਤੇ ਪੰਜ ਘੰਟੇ ਤਕ ਲੰਮਾ ਜਾਮ ਲੱਗਾ ਰਿਹਾ, ਜਿਸ ਨਾਲ ਚੰਬਾ, ਡਲਹੌਜ਼ੀ ਨੂੰ ਜਾਣ ਵਾਲੇ ਸੈਲਾਨੀ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਨੂੰ ਜਾਣ ਵਾਲੀਆਂ ਅਖਬਾਰਾਂ ਵਾਲੀਆਂ ਟੈਕਸੀਆਂ ਵੀ ਜਾਮ ਵਿੱਚ ਫਸੀਆਂ ਰਹੀਆਂ। ਪਾਠਕਾਂ ਨੂੰ ਅਖਬਾਰਾਂ ਸਮੇਂ ਸਿਰ ਨਾ ਮਿਲਣ ਕਾਰਨ ਬਹੁਤ ਪ੍ਰੇਸ਼ਾਨੀ ਹੋਈ। ਤੜਕੇ ਸਾਢੇ ਚਾਰ ਵਜੇ ਦਾ ਜਾਮ ਹੋਇਆ ਟ੍ਰੈਫ਼ਿਕ ਅਖੀਰੀ ਸਵੇਰੇ ਸਾਢੇ ਨੌਂ ਵਜੇ ਖੁੱਲ੍ਹਿਆ। ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਸੜਕ ਨੂੰ ਸਹੀ ਕੀਤਾ ਗਿਆ, ਤਾਂ ਜਾ ਕੇ ਲੋਕਾਂ ਨੂੰ ਰਾਹਤ ਮਿਲੀ।
ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਦੇ ਸਬੰਧਿਤ ਐੱਸ.ਡੀ.ਓ. ਸੰਦੀਪ ਖੰਨਾ ਦਾ ਕਹਿਣਾ ਸੀ ਕਿ ਸਵੇਰੇ ਸਾਢੇ ਸੱਤ ਵਜੇ ਉਨ੍ਹਾਂ ਨੂੰ ਸੜਕ ਦੇ ਧੱਸ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਜੇ.ਸੀ.ਬੀ. ਮਸ਼ੀਨ ਨੂੰ ਮੌਕੇ ’ਤੇ ਭੇਜਿਆ ਅਤੇ ਦੋ ਘੰਟੇ ਦੀ ਮੁਸ਼ੱਕਤ ਮਿਹਨਤ ਤੋਂ ਬਾਅਦ ਟ੍ਰੈਫ਼ਿਕ ਨੂੰ ਬਹਾਲ ਕਰਵਾਇਆ। ਉਨ੍ਹਾਂ ਦੱਸਿਆ ਕਿ ਸੜਕ ਕਿਨਾਰੇ ਜੋ ਰਿਟੇਨਿੰਗ ਦੀਵਾਰ ਬਣੀ ਹੁੰਦੀ ਹੈ, ਉਹ 40-50 ਸਾਲ ਪੁਰਾਣੀ ਹੋ ਚੁੱਕੀ ਹੈ ਅਤੇ ਖਸਤਾ ਹਾਲ ਹੋਣ ਕਰ ਕੇ ਸੜਕ ਉਥੋਂ ਧੱਸ ਗਈ। ਉਨ੍ਹਾਂ ਕਿਹਾ ਕਿ ਧੱਸ ਗਈ ਸੜਕ ਵਿੱਚ ਹੁਣ ਬੱਜਰੀ ਭਰੀ ਜਾ ਰਹੀ ਹੈ ਅਤੇ ਸ਼ਾਮ ਤੱਕ ਇਹ ਕੰਮ ਜੰਗੀ ਪੱਧਰ ’ਤੇ ਜਾਰੀ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਸੜਕ ਨੂੰ ਆਰਜ਼ੀ ਤੌਰ ’ਤੇ ਚਾਲੂ ਕੀਤਾ ਜਾ ਰਿਹਾ ਹੈ। ਪਰ ਇਸ ਦਾ ਪੱਕਾ ਹੱਲ ਕੱਢਣ ਲਈ ਸਟੱਡੀ ਕਰਨ ਲਈ ਵਿਭਾਗ ਦੇ ਦਿੱਲੀ ਸਥਿਤ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ, ਤਾਂ ਜੋ ਇਸ ਦੀ ਮੁਰੰਮਤ ਕਰਵਾਈ ਜਾ ਸਕੇ।
Advertisement
Advertisement