ਰਾਵੀ-ਬਿਆਸ ਦਰਿਆ ਨੇ ਮਚਾਈ ਤਬਾਹੀ
ਰਾਵੀ-ਬਿਆਸ ਦਰਿਆਵਾਂ ’ਚ ਪਾਣੀ ਦਾ ਤੇਜ਼ ਵਹਾਅ ਪੰਜਾਬ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ। ਸੂਬੇ ਦੇ ਕਰੀਬ ਦਰਜਨ ਜ਼ਿਲ੍ਹਿਆਂ ’ਚ ਅੱਜ ਭਾਰੀ ਬਾਰਸ਼ ਹੋਈ ਹੈ ਜਿਸ ਨਾਲ ਚੋਆਂ ਦਾ ਪਾਣੀ ਇਕੱਠਾ ਹੋ ਕੇ ਦਰਿਆਵਾਂ ’ਚ ਮਿਲਣ ਲੱਗ ਪਿਆ ਹੈ। ਪੌਂਗ ਡੈਮ ’ਚੋਂ ਬਿਆਸ ਦਰਿਆ ’ਚ ਅੱਜ ਸਿਰਫ਼ 20 ਹਜ਼ਾਰ ਕਿਊਸਕ ਪਾਣੀ ਛੱਡਣ ਦੇ ਬਾਵਜੂਦ ਬਿਆਸ ਦਰਿਆ ’ਚ ਚੋਆਂ ਦੇ ਪਾਣੀ ਅਤੇ ਚੱਕੀ ਨਦੀ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਇਸ ਦੌਰਾਨ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।
ਵੇਰਵਿਆਂ ਅਨੁਸਾਰ ਰਣਜੀਤ ਸਾਗਰ ਡੈਮ ’ਚੋਂ ਇਸ ਵੇਲੇ ਟਰਬਾਈਨਾਂ ਜ਼ਰੀਏ ਸਿਰਫ਼ 20 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 525.4 ਮੀਟਰ ’ਤੇ ਪਹੁੰਚ ਗਿਆ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਡੇਢ ਮੀਟਰ ਹੇਠਾਂ ਰਹਿ ਗਿਆ ਹੈ। ਅੱਜ ਦੁਪਹਿਰ ਸਮੇਂ ਰਣਜੀਤ ਸਾਗਰ ਡੈਮ ਵਿੱਚ ਕਰੀਬ 2.30 ਲੱਖ ਕਿਊਸਕ ਪਾਣੀ ਦੀ ਆਮਦ ਸੀ ਜੋ ਸ਼ਾਮ ਤੱਕ 90 ਹਜ਼ਾਰ ਕਿਊਸਕ ਰਹਿ ਗਈ। ਹੁਣ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਬਾਰੇ ਫ਼ੈਸਲਾ ਲਿਆ ਜਾ ਰਿਹਾ ਹੈ।
ਰਾਵੀ ਅਤੇ ਬਿਆਸ ਦੇ ਪਾਣੀ ’ਚ ਤੇਜ਼ ਵਹਾਅ ਹੋਣ ਕਾਰਨ ਅੱਜ ਪਠਾਨਕੋਟ, ਤਰਨ ਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ ਆਦਿ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਆਉਂਦੇ ਚਾਰ ਦਿਨਾਂ ਲਈ ਕਰੀਬ ਦਰਜਨ ਜ਼ਿਲ੍ਹਿਆਂ ਵਿੱਚ ਬਾਰਸ਼ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਰਾਵੀ ਦਰਿਆ ’ਚ ਪਾਣੀ ਦੋ ਲੱਖ ਕਿਊਸਕ ਤੱਕ ਹੋ ਗਿਆ ਹੈ ਅਤੇ ਉਝ ਦਰਿਆ ’ਚ ਵੀ ਪਾਣੀ ਅੱਜ ਡੇਢ ਲੱਖ ਕਿਊਸਕ ਤੱਕ ਚੱਲਿਆ ਹੈ। ਰਾਵੀ ਦੀ ਜ਼ਿਆਦਾ ਮਾਰ ਕੌਮਾਂਤਰੀ ਸੀਮਾ ਲਾਗਲੇ ਪਿੰਡਾਂ ਨੂੰ ਪੈ ਰਹੀ ਹੈ। ਦਰਜਨਾਂ ਪਿੰਡਾਂ ਦਾ ਪਾਣੀ ਕਾਰਨ ਸੰਪਰਕ ਟੁੱਟ ਗਿਆ ਹੈ ਅਤੇ ਕਿਸ਼ਤੀ ਦੀ ਸੁਵਿਧਾ ਵੀ ਬੰਦ ਹੋ ਗਈ ਹੈ।
ਰਾਵੀ ਦਰਿਆ ਦੇ ਆਸ-ਪਾਸ ਬੈਠੇ ਗੁੱਜਰ ਭਾਈਚਾਰੇ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਜਾਣ ਵਾਸਤੇ ਆਖ ਦਿੱਤਾ ਗਿਆ ਹੈ। ਰਣਜੀਤ ਸਾਗਰ ਡੈਮ ਦੇ ਫਲੱਡ ਖੋਲ੍ਹੇ ਜਾਣ ਦੀ ਸੂਰਤ ’ਚ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਣਗੇ। ਬਮਿਆਲ ਤੋਂ ਪਠਾਨਕੋਟ ਦੇ ਰਸਤੇ ਵਾਲੇ ਪੁਲ ਦੇ ਟੁੱਟਣ ਦੀਆਂ ਰਿਪੋਰਟਾਂ ਹਨ ਅਤੇ ਚੱਕੀ ਦਰਿਆ ’ਤੇ ਬਣਿਆ ਪੁਲ ਵੀ ਕਮਜ਼ੋਰ ਪੈ ਗਿਆ ਹੈ। ਪਠਾਨਕੋਟ ਸ਼ਹਿਰ ਦੇ ਨਾਲ ਦੀ ਚੱਲਦੀ ਚੱਕੀ ਨਦੀ ਵਿੱਚ ਅੱਜ 1.20 ਲੱਖ ਕਿਊਸਕ ਪਾਣੀ ਚੱਲ ਰਿਹਾ ਹੈ ਜਦੋਂ ਕਿ ਚੱਕੀ ਨਦੀ ਦੀ ਗੇਜ ਇੱਕ ਲੱਖ ਕਿਊਸਕ ’ਤੇ ਹੈ।
ਪਠਾਨਕੋਟ ਅਤੇ ਸੁਜਾਨਪੁਰ ਸ਼ਹਿਰ ਵੀ ਪਾਣੀ ’ਚ ਘਿਰ ਗਏ ਹਨ। ਖੇਤ ਅਤੇ ਘਰ ਪਾਣੀ ਤੋਂ ਪ੍ਰਭਾਵਿਤ ਹੋਏ ਹਨ। ਦੂਜਾ ਵੱਡਾ ਖ਼ਤਰਾ ਬਿਆਸ ਦਰਿਆ ਦਾ ਹੈ। ਪੌਂਗ ਡੈਮ ’ਚੋਂ ਅੱਜ ਬਿਆਸ ਦਰਿਆ ’ਚ 70 ਹਜ਼ਾਰ ਤੋਂ ਘਟਾ ਕੇ ਸਿਰਫ਼ 20 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਪ੍ਰੰਤੂ ਚੋਆਂ ਦਾ ਪਾਣੀ ਇਕੱਠਾ ਹੋਣ ਕਰਕੇ ਬਿਆਸ ਦਰਿਆ ਵਿੱਚ ਇੱਕ ਲੱਖ ਕਿਊਸਕ ਤੋਂ ਵੱਧ ਪਾਣੀ ਚੱਲ ਰਿਹਾ ਹੈ। ਚੱਕੀ ਨਦੀ ਅਤੇ ਬਾਕੀ ਚੋਆਂ ਨਾਲ ਬਿਆਸ ਦਰਿਆ ਵਿੱਚ ਦੋ ਲੱਖ ਕਿਊਸਕ ਪਾਣੀ ਹੋਣ ਦੀ ਸੰਭਾਵਨਾ ਹੈ। ਬਿਆਸ ’ਚ ਪਾਣੀ ਵਧਣ ਨਾਲ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਮਾਰ ਪਵੇਗੀ। ਪੌਂਗ ਡੈਮ ਵਿੱਚ ਇਸ ਵੇਲੇ 1.30 ਲੱਖ ਕਿਊਸਕ ਪਾਣੀ ਦੀ ਆਮਦ ਹੈ। ਭਾਖੜਾ ਡੈਮ ਦੀ ਸਥਿਤੀ ਹਾਲੇ ਕੰਟਰੋਲ ਵਿੱਚ ਹੈ। ਜਲਾਲੀਆ ਦਰਿਆ ’ਚ ਵੀ ਉਛਾਲ ਆਇਆ ਹੋਇਆ ਹੈ। ਪੰਜਾਬ ਸਰਕਾਰ ਦੇ ਵਜ਼ੀਰਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਦੌਰੇ ਵਧਾ ਦਿੱਤੇ ਹਨ। ਆਮ ਲੋਕਾਂ ਲਈ ਹੜ੍ਹਾਂ ਕਰਕੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਕੇਂਦਰ ਮਦਦ ਲਈ ਅੱਗੇ ਆਵੇ: ਖੁੱਡੀਆਂ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਦੀ ਮਾਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਖੁੱਡੀਆਂ ਨੇ ਕਿਹਾ ਕਿ ਪਹਾੜਾਂ ਦੇ ਪਾਣੀ ਅਤੇ ਡੈਮਾਂ ’ਚੋਂ ਪਾਣੀ ਛੱਡਣ ਦਾ ਖ਼ਮਿਆਜ਼ਾ ਪੰਜਾਬ ਭੁਗਤਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਕੁਦਰਤੀ ਆਫ਼ਤ ਦੀ ਮਾਰ ਹੇਠ ਆਉਂਦਾ ਹੈ ਤਾਂ ਪਾਣੀਆਂ ਤੇ ਰੌਲਾ ਪਾਉਣ ਵਾਲੇ ਹਰਿਆਣਾ ਤੇ ਰਾਜਸਥਾਨ ਵੀ ਪਾਸਾ ਵੱਟ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਔਖ ਦੀ ਘੜੀ ’ਚ ਕੇਂਦਰ ਸਰਕਾਰ ਪੰਜਾਬ ਦੀ ਮਦਦ ਲਈ ਅੱਗੇ ਆਵੇ।
ਪਠਾਨਕੋਟ ਦੇ ਚੱਕੀ ਪੁਲ ਉਪਰੋਂ ਟ੍ਰੈਫਿਕ ਬੰਦਪਠਾਨਕੋਟ (ਐੱਨਪੀ ਧਵਨ): ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਹੋ ਰਹੀ ਭਾਰੀ ਬਰਸਾਤ ਨਾਲ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਪੈਂਦੇ ਜਲਾਲੀਆ ਦਰਿਆ ਤੇ ਉਝ ਦਰਿਆ, ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ ਅਤੇ ਖੱਡਾਂ ਵਿੱਚ ਅੱਜ ਭਾਰੀ ਮਾਤਰਾ ਵਿੱਚ ਪਾਣੀ ਆ ਗਿਆ। ਜ਼ਿਲ੍ਹੇ ’ਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਪੁਲੀਸ ਪ੍ਰਸ਼ਾਸਨ ਨੇ ਪਠਾਨਕੋਟ ਦੇ ਚੱਕੀ ਦਰਿਆ ਉਪਰ ਬਣੇ ਸੜਕ ਮਾਰਗੀ ਪੁਲ ਤੋਂ ਇਤਿਆਹਤ ਵੱਜੋਂ ਟ੍ਰੈਫਿਕ ਲੰਘਣ ’ਤੇ ਪਾਬੰਦੀ ਲਗਾ ਦਿੱਤੀ ਹੈ। ਟ੍ਰੈਫਿਕ ਹੁਣ ਹਿਮਾਚਲ ਦੇ ਲੋਧਵਾਂ ਦੀ ਤਰਫੋਂ ਲੰਘਾਉਣਾ ਸ਼ੁਰੂ ਕੀਤਾ ਗਿਆ ਹੈ। ਪੰਗੋਲੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਕੋਠੇ ਮਨਵਾਲ ਪਿੰਡ ਵਿੱਚ ਦੋ ਮੰਜ਼ਿਲਾ ਕੋਠੀ ਢਹਿ-ਢੇਰੀ ਹੋ ਗਈ ਅਤੇ ਪਾਣੀ ਹੋਰ ਘਰਾਂ ਅੰਦਰ ਵੀ ਵੜ ਗਿਆ। ਪਿੰਡ ਜੈਨੀ ਉਪਰਲਾ ਵਿੱਚ ਇੱਕ ਸੂਆ ਟੁੱਟਣ ਕਾਰਨ ਪਾਣੀ ਘਰਾਂ ਵਿੱਚ ਆ ਵੜਿਆ। ਪਠਾਨਕੋਟ-ਡਲਹੌਜ਼ੀ-ਚੰਬਾ ਮਾਰਗ ਕਈ ਥਾਵਾਂ ਤੋਂ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ। ਧਾਰ ਬਲਾਕ ਅੰਦਰ ਫਰਸ਼ੀ ਖੱਡ ਵਿੱਚ ਪਾਣੀ ਆ ਜਾਣ ਕਾਰਨ ਕਈ ਲਿੰਕ ਸੜਕਾਂ ਪ੍ਰਭਾਵਿਤ ਹੋਈਆਂ ਹਨ। ਦੁਖਨਿਆਲੀ ਵਿਖੇ ਢਿੱਗਾਂ ਡਿੱਗਣ ਕਾਰਨ ਦੁਨੇਰਾ ਤੋਂ ਬਸੋਹਲੀ ਨੂੰ ਜਾਣ ਵਾਲਾ ਮਾਰਗ ਬੰਦ ਹੋ ਗਿਆ। ਸਰਹੱਦੀ ਖੇਤਰ ਦੇ ਜਲਾਲੀਆ ਦਰਿਆ ਵਿੱਚ ਹੜ੍ਹ ਦਾ ਪਾਣੀ ਆ ਜਾਣ ਕਾਰਨ ਮਨਵਾਲ ਮੰਗਵਾਲ ਮੋੜ ਤੇ ਬਮਿਆਲ ਨੂੰ ਜਾਣ ਵਾਲੀ ਸੜਕ ਦਾ 40 ਫੁੱਟ ਕਰੀਬ ਟੋਟਾ ਰੁੜ੍ਹ ਗਿਆ। ਚੱਕੀ ਦਰਿਆ ਵਿੱਚ ਹੜ੍ਹ ਦੇ ਪਾਣੀ ਕਾਰਨ ਜੰਮੂ-ਜਲੰਧਰ ਵਾਲਾ ਪਠਾਨਕੋਟ ਸਥਿਤ ਰੇਲਵੇ ਪੁਲ ਪੂਰੀ ਤਰ੍ਹਾਂ ਖਤਰੇ ਵਿੱਚ ਆ ਚੁੱਕਾ ਹੈ। ਇਸ ਦੇ ਨਜ਼ਦੀਕ ਹੀ ਚੱਕੀ ਦਰਿਆ ਕਿਨਾਰੇ ਪੈਂਦੇ ਸੈਲੀ ਕੁੱਲੀਆਂ (ਭਦਰੋਆ) ਦੀ ਆਬਾਦੀ ਦੇ ਦਰਜਨ ਤੋਂ ਵੱਧ ਘਰਾਂ ਨੂੰ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ। ਏਅਰਫੋਰਸ ਨੂੰ ਜਾਣ ਵਾਲਾ ਰਸਤਾ ਵੀ ਰੁੜ੍ਹ ਜਾਣ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਦਾ ਕੁੱਝ ਹਿੱਸਾ ਵੀ ਪਾਣੀ ਦੀ ਭੇਟ ਚੜ੍ਹ ਗਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਝ, ਜਲਾਲੀਆ ਤੇ ਰਾਵੀ ਦਰਿਆਵਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇਗੀ। ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਲੋਕਾਂ ਦਰਿਆਵਾਂ ਅਤੇ ਨਾਲਿਆਂ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਧੋਪੁਰ ਰਾਹੀਂ ਕਠੂਆ ਜਾਣ ਤੋਂ ਬਚਣ ਕਿਉਂਕਿ ਨੈਸ਼ਨਲ ਹਾਈਵੇਅ 44 (ਕਠੂਆ ਤੋਂ ਪਠਾਨਕੋਟ) ਰੂਟ ਉਪਰ ਇੱਕ ਪੁਲ ਖ਼ਰਾਬ ਹੋ ਗਿਆ ਹੈ।ਕਰੀਬ 300 ਏਕੜ ਝੋਨਾ ਪਾਣੀ ਵਿੱਚ ਡੁੱਬਿਆ
ਮਮਦੋਟ (ਜਸਵੰਤ ਸਿੰਘ ਥਿੰਦ): ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਮਮਦੋਟ ਨਜ਼ਦੀਕ ਪੈਂਦੇ ਭੰਗੇ ਵਾਲਾ (ਰਕਬਾ ਬੇਚਿਰਾਗ ਪਿੰਡ ਗੱਟੀ ਚੱਕ ਜਦੀਦ) ਅਤੇ ਕਾਲੂ ਅਰਾਈਂ ਹਿਠਾੜ੍ਹ ਦੀ ਭਾਰਤ-ਪਾਕਿਸਤਾਨ ਸੀਮਾ ਨਜ਼ਦੀਕ ਬਣੇ ਬੰਨ੍ਹ ਦੇ ਅੰਦਰ ਬੀਤੀ ਰਾਤ ਤੋਂ ਪਾਣੀ ਵਧਣ ਕਾਰਨ ਕਿਸਾਨਾਂ ਦੀ ਕਰੀਬ 300 ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ| ਕਿਸਾਨ ਹਰਪ੍ਰੀਤ ਸਿੰਘ ਲਾਡੀ ਗੱਟੀ ਅਤੇ ਹੋਰਾਂ ਨੇ ਦੱਸਿਆ ਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੇੜਲੇ ਇਲਾਕਿਆਂ ’ਚ ਕਿਸਾਨਾਂ ਨੇ ਬੋਰੀਆਂ ਅਤੇ ਜੇਸੀਬੀ ਨਾਲ ਆਰਜ਼ੀ ਬੰਨ੍ਹ ਬਣਾ ਕੇ ਫ਼ਸਲ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬੀਤੀ ਰਾਤ ਦਰਿਆ ਵਿੱਚ ਪਾਣੀ ਵਧਣ ਕਾਰਨ ਉਨ੍ਹਾਂ ਦੀ 300 ਏਕੜ ਤੋਂ ਵੱਧ ਫ਼ਸਲ ਡੁੱਬ ਗਈ|
ਮੰਡ ਇਲਾਕੇ ਦੇ 35 ਪਿੰਡਾਂ ਨੂੰ ਖ਼ਤਰਾ
ਜਲੰਧਰ (ਹਤਿੰਦਰ ਮਹਿਤਾ): ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ 6 ਥਾਵਾਂ ’ਤੇ ਬੰਨ੍ਹ ਨੂੰ ਢਾਹ ਲੱਗ ਰਹੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰ ਮੰਡ ਇਲਾਕੇ ਦੇ 35 ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਵਰ੍ਹਦੇ ਮੀਂਹ ਵਿੱਚ ਬੰਨ੍ਹ ਮਜ਼ਬੂਤ ਕਰਨ ਲਈ ਡਟੇ ਰਹੇ। ਜ਼ਿਲ੍ਹਾ ਕਪੂਰਥਲਾ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੋਹਲੇਧਾਰ ਮੀਂਹ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਰੇਤ ਨਾਲ ਭਰੇ ਬੋਰਿਆਂ ਨੂੰ ਉਸ ਥਾਂ ’ਤੇ ਸੁੱਟਿਆ ਜਾ ਰਿਹਾ ਹੈ ਜਿੱਥੇ ਬਿਆਸ ਦਰਿਆ ਐਡਵਾਂਸ ਬੰਨ੍ਹ ਦੇ ਹੇਠੋਂ ਮਿੱਟੀ ਨੂੰ ਖੋਰਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ, ਕਰਮੂਵਾਲਾ ਪੱਤਣ ਅਤੇ ਆਹਲੀ ਖੁਰਦ ਵਿੱਚ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਕਿਸਾਨ ਬਲਵਿੰਦਰ ਸਿੰਘ ਮੁਤਾਬਕ ਜੇ ਬੰਨ੍ਹ ਟੁੱਟਿਆ ਤਾਂ 35 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ 35 ਤੋਂ 40 ਹਜ਼ਾਰ ਏਕੜ ਫ਼ਸਲ ਤਬਾਹ ਹੋ ਜਾਵੇਗੀ।