ਅਬੋਹਰ ਦੇ ਦੋ ਵਪਾਰੀਆਂ ਤੋਂ ਫਿ਼ਰੌਤੀ ਮੰਗੀ
ਸ਼ਹਿਰ ਦੇ ਵਪਾਰੀਆਂ ਨੂੰ ਗੈਂਗਸਟਰਾਂ ਦੇ ਨਾਮ ’ਤੇ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਹਾਲ ਹੀ ਵਿੱਚ ਅਬੋਹਰ ਦੇ ਸਥਾਨਕ ਬੱਸ ਅੱਡੇ ਨੇੜੇ ਨਿਰੰਕਾਰੀ ਭਵਨ ਰੋਡ ਵਾਸੀ ਦੋ ਵਿਅਕਤੀਆਂ ਤੋਂ ਲਾਰੈਂਸ ਗੈਂਗ ਤੇ ਸੋਪੂ ਗੈਂਗ ਦੇ ਨਾਮ ’ਤੇ ਫਿਰੌਤੀ ਮੰਗੀ ਗਈ ਸੀ। ਇਸ ਦੀ ਸ਼ਿਕਾਇਤ ਪੁਲੀਸ ਨੂੰ ਕਰਨ ’ਤੇ ਅਬੋਹਰ ਦੇ ਹੀ ਦੁਰਗਾ ਨਗਰੀ ਵਾਸੀ ਨੌਜਵਾਨ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਫਾਜ਼ਿਲਕਾ ਪੁਲੀਸ ਪੁੱਛ-ਪੜਤਾਲ ਲਈ ਆਪਣੇ ਨਾਲ ਲੈ ਗਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਜੈ ਕੁਮਾਰ ਨੇ ਦੱਸਿਆ ਕਿ 21 ਸਤੰਬਰ ਦੀ ਰਾਤ ਉਸ ਨੂੰ ਕਿਸੇ ਨੇ ਫੋਨ ਕਰ ਕੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਬੋਲ ਰਿਹਾ ਹੈ ਜਿਸ ’ਤੇ ਉਸ ਨੇ ਫੋਨ ਕੱਟ ਦਿੱਤਾ। ਮਗਰੋਂ 29 ਸਤੰਬਰ ਨੂੰ ਉਸ ਨੂੰ ਫੇਰ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਸੋਪੂ ਗੈਂਗ ਤੋਂ ਬੋਲ ਰਿਹਾ ਹੈ ਅਤੇ ਜੋ ਫਿਰੌਤੀ ਦੇ ਪੈਸੇ ਮੰਗੇ ਸਨ, ਉਸ ਦਾ ਜਲਦੀ ਪ੍ਰਬੰਧ ਕਰ, ਨਹੀਂ ਤਾਂ ਸ਼ੂਟਰ ਭੇਜ ਕੇ ਜਾਨੀ ਨੁਕਸਾਨ ਪਹੁੰਚਾਇਆ ਜਾਵੇਗਾ। ਵਿਜੈ ਕੁਮਾਰ ਨੇ ਇਸ ਸਬੰਧੀ ਸ਼ਿਕਾਇਤ ਸਿਟੀ ਵਨ ਪੁਲੀਸ ਨੂੰ ਦਿੱਤੀ। ਵਿਜੈ ਕੁਮਾਰ ਟਾਇਰਾਂ ਵਾਲੇ ਤੋਂ ਗੈਂਗਸਟਰਾਂ ਦੇ ਨਾਮ ’ਤੇ ਲਗਪਗ 25 ਲੱਖ ਅਤੇ ਪ੍ਰਦੀਪ ਕੁਮਾਰ ਬੂਟਾਂ ਵਾਲੇ ਤੋਂ ਲਗਪਗ 35 ਲੱਖ ਦੀ ਫਿਰੌਤੀ ਮੰਗੀ ਗਈ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਜ਼ਿਲ੍ਹੇ ਦੇ ਐੱਸ ਐੇੱਸ ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਮਗਰੋਂ ਸੋਨੂ ਸੋਨੀ ਵਾਸੀ ਗਲੀ ਨੰਬਰ 4 ਦੁਰਗਾ ਨਗਰੀ ਅਬੋਹਰ ਨੂੰ ਅਨਾਜ ਮੰਡੀ ਤੋਂ ਕਾਬੂ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਵਿਜੈ ਕੁਮਾਰ ਤੋਂ ਇਲਾਵਾ ਵਿਕਰਮ ਤੋਂ ਵੀ 25 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਫਾਜ਼ਿਲਕਾ ਵਿੱਚ ਕੇਸ ਦਰਜ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੋਨੂ ਸੋਨੀ ਦਾ ਅਪਰਾਧਕ ਪਿਛੋਕੜ ਨਹੀਂ ਹੈ।