ਰਾਜ ਸਭਾ ਮੈਂਬਰਾਂ ਨੇ ਐੱਮ ਪੀ ਫੰਡ ਘੱਟ ਵਰਤੇ: ਕੈਂਥ
ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ‘ਆਪ’ ਦੇ ਰਾਜ ਸਭਾ ਮੈਂਬਰਾਂ ਵੱਲੋਂ ਐੱਮ ਪੀ ਲੈਂਡ ਫੰਡਾਂ ਦੀ ਘੱਟ ਵਰਤੋਂ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੇ ਸੱਤ ’ਚੋਂ ਛੇ ਰਾਜ ਸਭਾ ਮੈਂਬਰਾਂ ਨੇ ਸਾਲ 2022 ਤੋਂ 2025 ਤੱਕ ਆਪਣੇ ਨਿਰਧਾਰਤ ਫੰਡਾਂ 101.11 ਕਰੋੜ ’ਚੋਂ ਸਿਰਫ਼ 26.95 ਕਰੋੜ ਰੁਪਏ ਖ਼ਰਚ ਕੀਤੇ ਹਨ, ਜਿਸ ਨਾਲ ਲਗਪਗ 74 ਕਰੋੜ ਰੁਪਏ ਵਰਤੇ ਨਹੀਂ ਗਏ ਹਨ। ਐੱਮਪੀ ਲੈਂਡ ਫੰਡ ਦੇ ਰੁਪਏ ਦੀ ਸਹੀ ਢੰਗ ਨਾਲ ਵਰਤੋਂ ਨਾ ਕਰਕੇ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਨਾਲ ਧੋਖਾ ਕੀਤਾ ਹੈ। ਪਰਮਜੀਤ ਕੈਂਥ ਨੇ ਕਿਹਾ ਕਿ ਸਾਲ 2022-25 ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਨੇ 14.72 ਕਰੋੜ ਵਿੱਚੋਂ 9.49 ਕਰੋੜ ਰੁਪਏ, ਹਰਭਜਨ ਸਿੰਘ ਨੇ 17.19 ਕਰੋੜ ਵਿੱਚੋਂ 5.76 ਕਰੋੜ, ਡਾ. ਅਸ਼ੋਕ ਕੁਮਾਰ ਮਿੱਤਲ ਨੇ 17.35 ਕਰੋੜ ਵਿੱਚੋਂ 2.48 ਕਰੋੜ, ਰਾਘਵ ਚੱਢਾ ਨੇ 18.82 ਕਰੋੜ ਵਿੱਚੋਂ 70.86 ਲੱਖ ਰੁਪਏ, ਡਾ. ਵਿਕਰਮਜੀਤ ਸਿੰਘ ਸਾਹਨੀ ਨੇ 14.71 ਕਰੋੜ ਵਿੱਚੋਂ 5.76 ਕਰੋੜ ਰੁਪਏ, ਸੰਦੀਪ ਕੁਮਾਰ ਪਾਠਕ ਨੇ 18.32 ਕਰੋੜ ਵਿੱਚੋਂ 2.76 ਕਰੋੜ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਨੂੰ ਇਕ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਅਲਾਟ ਕੀਤੇ ਗਏ ਫੰਡਾਂ ਦੀ ਉਹ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਰਹੇ।
