ਰਾਜ ਸਭਾ ਚੋਣ: ‘ਆਪ’ ਦੇ ਨਵੇਂ ਉਮੀਦਵਾਰ ਬਾਰੇ ਕਿਆਸ ਸ਼ੁਰੂ
ਸਿਆਸੀ ਮਾਹਿਰ ਆਖਦੇ ਹਨ ਕਿ ਰਾਜ ਸਭਾ ਲਈ ‘ਆਪ’ ਵੱਲੋਂ ਬਣਾਏ ਜਾਣ ਵਾਲੇ ਉਮੀਦਵਾਰ ਦਾ ਅਸਰ ਤਰਨ ਤਾਰਨ ਦੀ ਜ਼ਿਮਨੀ ਚੋਣ ’ਤੇ ਵੀ ਪਵੇਗਾ। ਰਾਜ ਸਭਾ ਲਈ ‘ਆਪ’ ਵੱਲੋਂ ਪੰਜਾਬ ਦੇ ਬਾਸ਼ਿੰਦੇ ਨੂੰ ਉਮੀਦਵਾਰ ਬਣਾਏ ਜਾਣ ਦੀ ਸੂਰਤ ’ਚ ਵਿਰੋਧੀ ਧਿਰਾਂ ਨੂੰ ਕੋਈ ਸਿਆਸੀ ਹੱਲਾ ਬੋਲਣ ਦਾ ਮੌਕਾ ਨਹੀਂ ਮਿਲੇਗਾ। ਇਸ ਤੋਂ ਪਹਿਲਾਂ ‘ਆਪ’ ਨੇ ਦੋ ਕਾਰੋਬਾਰੀ ਚਿਹਰਿਆਂ ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ ਨੂੰ ਰਾਜ ਸਭਾ ’ਚ ਭੇਜਿਆ ਸੀ। ਚਰਚਾ ਹੈ ਕਿ ਸੰਜੀਵ ਅਰੋੜਾ ਦੀ ਥਾਂ ’ਤੇ ਹੁਣ ਇੱਕ ਹੋਰ ਕਾਰੋਬਾਰੀ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ। ਸਮੁੱਚੀ ਸਿਆਸੀ ਚਰਚਾ ਲੁਧਿਆਣਾ ਸ਼ਹਿਰ ਦੇ ਆਲ਼ੇ-ਦੁਆਲੇ ਹੀ ਘੁੰਮਣ ਲੱਗੀ ਹੈ।
‘ਆਪ’ ਵੱਲੋਂ ਜੋ ਚਿਹਰੇ ਪਹਿਲਾਂ ਰਾਜ ਸਭਾ ’ਚ ਭੇਜੇ ਗਏ ਹਨ, ਉਨ੍ਹਾਂ ’ਚੋਂ ਕੋਈ ਵੀ ਦਲਿਤ ਭਾਈਚਾਰੇ ਵਿੱਚੋਂ ਨਹੀਂ ਹੈ। ‘ਆਪ’ ਹੁਣ ਰਾਜ ਸਭਾ ਲਈ ਨਵੇਂ ਉਮੀਦਵਾਰ ਦੀ ਚੋਣ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਕਰੇਗੀ। ‘ਆਪ’ ਦੀ ਕੋਸ਼ਿਸ਼ ਹੋਵੇਗੀ ਕਿ ਕੋਈ ਅਜਿਹਾ ਚਿਹਰਾ ਉਮੀਦਵਾਰ ਬਣਾਇਆ ਜਾਵੇ ਜੋ ਵਿਰੋਧੀ ਧਿਰਾਂ ਅਤੇ ਖ਼ਾਸ ਕਰ ਕੇ ਪੰਜਾਬੀਆਂ ਦੀ ਨਾਰਾਜ਼ਗੀ ਸਹੇੜਨ ਵਾਲਾ ਨਾ ਹੋਵੇ।
ਦੇਖਣਾ ਇਹ ਵੀ ਹੋਵੇਗਾ ਕਿ ਕੀ ਕਿਸੇ ਵਪਾਰੀ ਜਾਂ ਉਦਯੋਗਪਤੀ ਨੂੰ ਹੀ ‘ਆਪ’ ਰਾਜ ਸਭਾ ਲਈ ਮੌਕਾ ਦੇਵੇਗੀ ਜਾਂ ਫਿਰ ਪਾਰਟੀ ’ਚੋਂ ਕਿਸੇ ਸੀਨੀਅਰ ਜਾਂ ਕਿਸੇ ਵੱਡੇ ਪੰਜਾਬੀ ਚਿਹਰੇ ਨੂੰ ਆਪਣਾ ਉਮੀਦਵਾਰ ਬਣਾਵੇਗੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਸਪਸ਼ਟ ਆਖ ਚੁੱਕੇ ਹਨ ਕਿ ਰਾਜ ਸਭਾ ’ਚ ਉਸ ਚਿਹਰੇ ਨੂੰ ਭੇਜਿਆ ਜਾਵੇਗਾ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ।
‘ਆਪ’ ਦੇ ਸੱਤ ਮੈਂਬਰ ਰਾਜ ਸਭਾ ਗਏ
‘ਆਪ’ ਸਰਕਾਰ ਬਣਨ ਮਗਰੋਂ ਰਾਜ ਸਭਾ ’ਚ ‘ਆਪ’ ਦੇ ਸੱਤ ਮੈਂਬਰ ਗਏ ਸਨ। ਪਹਿਲੇ ਪੜਾਅ ’ਤੇ 10 ਅਪਰੈਲ 2022 ਨੂੰ ਰਾਘਵ ਚੱਢਾ, ਸੰਦੀਪ ਪਾਠਕ, ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਚੁਣੇ ਗਏ ਸਨ ਅਤੇ ਦੂਸਰੇ ਪੜਾਅ ’ਚ 5 ਜੁਲਾਈ 2022 ਨੂੰ ‘ਆਪ’ ਦੇ ਵਿਕਰਮਜੀਤ ਸਿੰਘ ਸਾਹਨੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਚੁਣੇ ਗਏ ਸਨ।