ਰਾਜ ਸਭਾ ਚੋਣ: ਦਸ ‘ਆਪ’ ਵਿਧਾਇਕਾਂ ਦੇ ਦਸਤਖ਼ਤ ‘ਜਾਅਲੀ’?
‘ਆਪ’ ਦੇ ਦਸ ਵਿਧਾਇਕਾਂ ਨੇ ਚਤੁਰਵੇਦੀ ’ਤੇ ਜਾਅਲੀ ਦਸਤਖ਼ਤ ਕਰਨ ਦਾ ਦੋਸ਼ ਲਾਇਆ ਹੈ। ਇਨ੍ਹਾਂ ਦਸ ਵਿਧਾਇਕਾਂ ’ਚ ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਭੁੱਲਰ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਾਂਵਾਲੀ ਅਤੇ ਕੁਲਵੰਤ ਸਿੰਘ ਬਾਜ਼ੀਗਰ ਸ਼ਾਮਲ ਹਨ। ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਨੇ ਇਨ੍ਹਾਂ ਵਿਧਾਇਕਾਂ ਦੇ ਨਾਂ ਵਾਲਾ ਪੱਤਰ ਵਿਧਾਨ ਸਭਾ ਸਕੱਤਰੇਤ ਕੋਲ ਦਿੱਤਾ ਸੀ। ਅੱਜ ਇਨ੍ਹਾਂ ਵਿਧਾਇਕਾਂ ਨੇ ਕਿਸੇ ਵੀ ਆਜ਼ਾਦ ਉਮੀਦਵਾਰ ਦੇ ਨਾਂ ਦੀ ਤਾਈਦ ਕੀਤੇ ਜਾਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ੋਨ ਕਰਕੇ ਦੱਸ ਦਿੱਤਾ ਹੈ ਕਿ ਉਨ੍ਹਾਂ ਕਿਸੇ ਵੀ ਆਜ਼ਾਦ ਵਿਧਾਇਕ ਦੇ ਨਾਂ ਦੀ ਤਾਈਦ ਨਹੀਂ ਕੀਤੀ ਹੈ।
ਇਨ੍ਹਾਂ ਵਿਧਾਇਕਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਦੇ ਜਾਅਲੀ ਦਸਤਖ਼ਤ ਕੀਤੇ ਗਏ ਹਨ। ਭਲਕੇ ਰਾਜ ਸਭਾ ਲਈ ਆਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣੀ ਹੈ ਅਤੇ ਇਸ ਪੜਤਾਲ ਦੌਰਾਨ ਇਨ੍ਹਾਂ ਵਿਧਾਇਕਾਂ ਦੇ ਤਾਈਦ ਪੱਤਰ ’ਤੇ ਕੀਤੇ ਦਸਤਖਤਾਂ ਦਾ ਮਿਲਾਨ ਵਿਧਾਨ ਸਭਾ ਦੇ ਰਿਕਾਰਡ ’ਚ ਹੋਏ ਦਸਤਖਤਾਂ ਨਾਲ ਕੀਤਾ ਜਾਵੇਗਾ। ਜਿਨ੍ਹਾਂ ‘ਆਪ’ ਵਿਧਾਇਕਾਂ ਦੇ ਦਸਤਖ਼ਤ ਤਾਈਦ ਪੱਤਰ ’ਤੇ ਹਨ, ਉਨ੍ਹਾਂ ਇਸ ਮਾਮਲੇ ’ਚ ਕਾਨੂੰਨੀ ਚਾਰਾਜੋਈ ਦੀ ਗੱਲ ਕਹੀ ਹੈ। ਇਨ੍ਹਾਂ ਦਸ ਵਿਧਾਇਕਾਂ ’ਚੋਂ ਕਈ ਵਿਧਾਇਕਾਂ ਨੇ ਹਾਲਾਂਕਿ ਪਾਰਟੀ ਦੇ ਅਧਿਕਾਰਤ ਉਮੀਦਵਾਰ ਰਾਜਿੰਦਰ ਗੁਪਤਾ ਦੇ ਨਾਂ ਦੀ ਤਾਈਦ ਕੀਤੀ ਹੋਈ ਹੈ।
ਵਿਧਾਇਕਾਂ ਵੱਲੋਂ ਡੀ ਜੀ ਪੀ ਨੂੰ ਸ਼ਿਕਾਇਤ
‘ਆਪ’ ਵਿਧਾਇਕਾਂ ਨੇ ਹੁਣ ਪੰਜਾਬ ਦੇ ਡੀ ਜੀ ਪੀ ਨੂੰ ਸ਼ਿਕਾਇਤ ਕੀਤੀ ਹੈ ਕਿ ਨਵਨੀਤ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰ ’ਚ ਉਨ੍ਹਾਂ ਦਾ ਨਾਂ ਵਰਤ ਕੇ ਹਮਾਇਤ ਹੋਣ ਦਾ ਝੂਠਾ ਦਾਅਵਾ ਕੀਤਾ ਹੈ ਜਿਸ ਕਰਕੇ ਉਨ੍ਹਾਂ ਦਾ ਜਨਤਕ ਅਕਸ ਖਰਾਬ ਹੋਇਆ ਹੈ। ਵਿਧਾਇਕਾਂ ਨੇ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।