ਰਾਜਵੀਰ ਜਵੰਦਾ ਦੀ ਸਿਹਤ ਜਿਉਂ ਦੀ ਤਿਉਂ
ਸੜਕ ਹਾਦਸੇ ’ਚ ਜ਼ਖ਼ਮੀ ਹੋਏ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਗੰਭੀਰ ਹੈ। ਉਹ ਬੱਦੀ-ਸ਼ਿਮਲਾ ਮਾਰਗ ’ਤੇ ਮੋਟਰਸਾਈਕਲ ਉੱਤੇ ਜਾਂਦੇ ਹੋਏ ਹਾਦਸੇ ’ਚ ਜ਼ਖ਼ਮੀ ਹੋ ਗਿਆ ਸੀ। ਛੇ ਦਿਨਾਂ ਤੋਂ ਮੁਹਾਲੀ ਦੇ ਫੇਜ਼ ਅੱਠ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬੀ ਗਾਇਕ ਜਵੰਦਾ ਦੀ ਸਿਹਤ ਬੇਹੱਦ ਨਾਜ਼ੁਕ ਹੈ। ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹਸਪਤਾਲ ਵੱਲੋਂ ਜਾਰੀ ਸੂਚਨਾ ਅਨੁਸਾਰ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੀ ਨਿਗਰਾਨੀ ਹੇਠ ਲਾਈਫ ਸਪੋਰਟ ’ਤੇ ਹੈ। ਉਸ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਹੈ। ਉਸ ਦੀ ਸਿਹਤ ਵਿਚ ਕੋਈ ਵੀ ਮਹੱਤਵਪੂਰਨ ਸੁਧਾਰ ਨਜ਼ਰ ਨਹੀਂ ਆਇਆ। ਉਸ ਦੇ ਦਿਲ ਦੀ ਧੜਕਣ ਠੀਕ ਰੱਖਣ ਲਈ ਦਵਾਈ ਦਿੱਤੀ ਗਈ ਹੈ। ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਵਿੱਚ ਮੌਜੂਦ ਹਨ। ਕੰਵਰ ਗਰੇਵਾਲ ਸਣੇ ਕਈ ਕਲਾਕਾਰ ਪਹਿਲੇ ਦਿਨ ਤੋਂ ਹੀ ਇੱਥੇ ਮੌਜੂਦ ਹਨ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਾਅਦ ਦੁਪਹਿਰ ਫੋਰਟਿਸ ਹਸਪਤਾਲ ਵਿੱਚ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਗਾਇਕ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਾਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ ਅਤੇ ਪਰਮਾਤਮਾ ਜ਼ਰੂਰ ਨੌਜਵਾਨ ਨੂੰ ਤੰਦਰੁਸਤੀ ਬਖ਼ਸ਼ੇਗਾ। ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਆਗੂ ਵੀ ਮੌਜੂਦ ਸਨ।