ਰਾਜਿੰਦਰ ਗੁਪਤਾ: ਸਿਰਫ਼ ਦਸਵੀਂ ਤੱਕ ਪੜ੍ਹਾਈ ਪਰ ਫੇਰ ਵੀ ਫੁੱਲ ਚੜ੍ਹਾਈ
ਰਾਜ ਸਭਾ ਦੀ ਜ਼ਿਮਨੀ ਚੋਣ ’ਚ ਨਿੱਤਰੇ ਅਰਬਪਤੀ ਰਾਜਿੰਦਰ ਗੁਪਤਾ ਕੋਲ ਨਾ ਕੋਈ ਕਾਰ ਹੈ ਅਤੇ ਨਾ ਸਿਰ ’ਤੇ ਕੋਈ ਕਰਜ਼ਾ। ਨਾ ਖੇਤੀ ਵਾਲੀ ਜ਼ਮੀਨ ਅਤੇ ਨਾ ਹੀ ਕੋਈ ਵਪਾਰਕ ਇਮਾਰਤ ਪਰ ਉਨ੍ਹਾਂ ਕੋਲ ਗਹਿਣਿਆਂ ਦੇ ਢੇਰ ਹਨ। ਰਾਜਿੰਦਰ ਗੁਪਤਾ ਦਾ ਰਾਜ ਸਭਾ ਜਾਣਾ ਤੈਅ ਹੈ ਅਤੇ ਚੋਣ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣੇ ਹਨ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦਸਵੀਂ ਪਾਸ ਹਨ ਪਰ ਉਨ੍ਹਾਂ ਦੇ ਪਰਿਵਾਰ ਕੋਲ ਕੁੱਲ 5053.03 ਕਰੋੜ ਦੀ ਮਾਲਕੀ ਹੈ। ਰਿਟਰਨਿੰਗ ਅਫ਼ਸਰ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਗਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਸਮੇਤ ਸਭ ਉਮੀਦਵਾਰਾਂ ਦੇ ਸੰਪਤੀ ਦੇ ਵੇਰਵੇ ਜਨਤਕ ਕੀਤੇ ਗਏ ਹਨ। ਵੇਰਵਿਆਂ ਮੁਤਾਬਕ ਰਾਜਿੰਦਰ ਗੁਪਤਾ ਦੇ ਪਰਿਵਾਰ ਕੋਲ 5053.03 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਚੋਂ 4338.77 ਕਰੋੜ ਦੀ ਚੱਲ ਅਤੇ 615.74 ਕਰੋੜ ਦੀ ਅਚੱਲ ਸੰਪਤੀ ਹੈ। ਉਨ੍ਹਾਂ ਦੇ ਰਾਜ ਸਭਾ ਲਈ ਚੁਣੇ ਜਾਣ ਦੀ ਸੂਰਤ ਵਿੱਚ ਉਹ ਸਦਨ ’ਚ ਦੂਜੇ ਸਭ ਤੋਂ ਵੱਧ ਅਮੀਰ ਸੰਸਦ ਮੈਂਬਰ ਹੋਣਗੇ। ਗੁਪਤਾ ਨੇ ਸਾਲ 1975 ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਮਾਡਲ ਹਾਈ ਸਕੂਲ ਲੁਧਿਆਣਾ ਤੋਂ ਦਸਵੀਂ ਪਾਸ ਕੀਤੀ ਹੈ, ਜਦਕਿ ਉਨ੍ਹਾਂ ਦੀ ਪਤਨੀ ਮਧੂ ਗੁਪਤਾ ਨੇ ਸਾਲ 1982 ’ਚ ਪੰਜਾਬੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ। ਗੁਪਤਾ ਪਰਿਵਾਰ ਦੀ ਮਧੂਰਾਜ ਫਾਊਂਡੇਸ਼ਨ ਵੀ ਹੈ। ਆਮ ਹੈ ਕਿ ਉਦਯੋਗਪਤੀ ਕਰਜ਼ੇ ਦੀ ਦਲਦਲ ’ਚ ਵੀ ਧਸੇ ਹੁੰਦੇ ਹਨ ਪਰ ਗੁਪਤਾ ਪਰਿਵਾਰ ਹਰ ਤਰ੍ਹਾਂ ਦੇ ਕਰਜ਼ੇ ਤੋਂ ਮੁਕਤ ਹੈ। ਉਨ੍ਹਾਂ ਸਿਰ ਕਿਸੇ ਵੀ ਅਦਾਰੇ ਦਾ ਕੋਈ ਕਰਜ਼ਾ ਨਹੀਂ ਹੈ। ਗੁਪਤਾ ਪਰਿਵਾਰ ਕੋਲ ਨਾ ਕੋਈ ਖੇਤੀ ਵਾਲੀ ਜ਼ਮੀਨ ਹੈ ਅਤੇ ਨਾ ਹੀ ਗੈਰ ਖੇਤੀ ਵਾਲੀ। ਇੱਥੋਂ ਤੱਕ ਕਿ ਕੋਈ ਕਮਰਸ਼ੀਅਲ ਇਮਾਰਤ ਵੀ ਨਹੀਂ ਹੈ। ਗੁਪਤਾ ਪਰਿਵਾਰ ਦੀ ਗਹਿਣਿਆਂ ਦੇ ਮਾਮਲੇ ’ਚ ਵੀ ਝੰਡੀ ਹੈ। ਇਸ ਪਰਿਵਾਰ ਕੋਲ 11.99 ਕਰੋੜ ਦੇ ਗਹਿਣੇ ਹਨ।
ਗੁਪਤਾ ਪਰਿਵਾਰ ਦੇ ਟਰਾਈਡੈਂਟ ਗਰੁੱਪ ਦੇ ਪੰਜਾਬ ਅਤੇ ਮੱਧ ਪ੍ਰਦੇਸ਼ ਤੋਂ ਇਲਾਵਾ ਹੋਰ ਥਾਵਾਂ ’ਤੇ ਵੀ ਉਦਯੋਗ ਹਨ। ਕੈਪਟਨ ਸਰਕਾਰ ਸਮੇਂ ਟਰਾਈਡੈਂਟ ਗਰੁੱਪ ਉਸ ਵੇਲੇ ਵਿਵਾਦਾਂ ’ਚ ਆ ਗਿਆ ਸੀ ਜਦੋਂ ਇਸ ਗਰੁੱਪ ਦੀ ਗੰਨਾ ਮਿੱਲ ਲਈ ਸਰਕਾਰ ਵੱਲੋਂ ਜਬਰੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਬਰਨਾਲਾ ਇਲਾਕੇ ਦੇ ਵੱਡੀ ਗਿਣਤੀ ’ਚ ਨੌਜਵਾਨਾਂ ਲਈ ਟਰਾਈਡੈਂਟ ਗਰੁੱਪ ਰੁਜ਼ਗਾਰ ਦਾ ਵਸੀਲਾ ਹੈ।
ਰਾਜਿੰਦਰ ਗੁਪਤਾ ਦੀ ਹਰ ਸਿਆਸੀ ਪਾਰਟੀ ਦੀ ਸਰਕਾਰ ’ਚ ਸਿਆਸੀ ਪੈਂਠ ਰਹੀ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਤੋਂ ਇਲਾਵਾ ਕੈਪਟਨ ਸਰਕਾਰ ’ਚ ਵੀ ਉਨ੍ਹਾਂ ਦੀ ਸਿਆਸੀ ਚੜ੍ਹਤ ਰਹੀ ਹੈ। ਮੌਜੂਦਾ ‘ਆਪ’ ਸਰਕਾਰ ’ਚ ਵੀ ਰਾਜਿੰਦਰ ਗੁਪਤਾ ਨੂੰ ਕੈਬਨਿਟ ਰੈਂਕ ਹਾਸਲ ਸੀ। ਉਦਯੋਗਪਤੀ ਸੰਜੀਵ ਅਰੋੜਾ ਨੇ ਪਹਿਲੀ ਜੁਲਾਈ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਹ ਸੀਟ ਖ਼ਾਲੀ ਹੋਣ ਮਗਰੋਂ ਆਮ ਆਦਮੀ ਪਾਰਟੀ ਨੇ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਰਾਜਿੰਦਰ ਗੁਪਤਾ ਖ਼ਿਲਾਫ਼ ਨਾਗਪੁਰ ’ਚ ਹੈ ਕੇਸ ਦਰਜ
ਉਦਯੋਗਪਤੀ ਰਾਜਿੰਦਰ ਗੁਪਤਾ ਖ਼ਿਲਾਫ਼ ਪੁਲੀਸ ਕੇਸ ਵੀ ਦਰਜ ਹੈ। ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਸਿਟੀ ਪੁਲੀਸ ਸਟੇਸ਼ਨ ’ਚ 28 ਅਗਸਤ 2021 ਨੂੰ ਧਾਰਾ 406, 420 ਅਤੇ 341 ਆਈ ਪੀ ਸੀ ਤਹਿਤ ਐੱਫ਼ ਆਈ ਆਰ ਨੰਬਰ 691 ਦਰਜ ਹੋਈ ਸੀ, ਜਿਸ ਦਾ ਅਦਾਲਤ ’ਚ ਹਾਲੇ ਤੱਕ ਚਲਾਨ ਪੇਸ਼ ਨਹੀਂ ਹੋਇਆ ਹੈ। ਗੁਪਤਾ ਨੇ ਕਿਹਾ ਹੈ ਕਿ ਇਹ ਪੁਲੀਸ ਕੇਸ ਸਿਵਲ ਝਗੜੇ ਨਾਲ ਸਬੰਧਿਤ ਗ਼ਲਤ ਸ਼ਿਕਾਇਤ ਦੇ ਆਧਾਰ ’ਤੇ ਹੋਇਆ ਸੀ। ਰਾਜਿੰਦਰ ਗੁਪਤਾ ਨੇ ਇਸ ਦੇ ਖ਼ਿਲਾਫ਼ ਬੰਬੇ ਹਾਈ ਕੋਰਟ ’ਚ ਫ਼ੌਜਦਾਰੀ ਸ਼ਿਕਾਇਤ ਵੀ ਦਾਇਰ ਕੀਤੀ ਹੋਈ ਹੈ।