ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦੱਦ ਲਈ ਅੱਗੇ ਆਇਆ ਰਾਜਸਥਾਨ ਭਾਈਚਾਰਾ
ਜਿਥੇ ਇੱਕ ਪਾਸੇ ਪੰਜਾਬ ਦੇ ਹਰ ਇਕ ਪਿੰਡ ਹਰ ਇੱਕ ਸ਼ਹਿਰ ਤੋਂ ਲੋਕ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਉੱਥੇ ਹੀ ਦੂਜੇ ਸੂਬਿਆਂ ਦੇ ਲੋਕਾਂ ਵੱਲੋਂ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ। ਰਾਜਸਥਾਨ ਨੇ ਪੰਜਾਬ ਦੇ ਭਾਈਚਾਰੇ ਨਾਲ ਆਪਣੀ ਸਾਂਝ ਨੂੰ ਹੋਰ ਪੱਕਾ ਕਰਦਿਆਂ ਹੜ੍ਹਾਂ ਦੇ ਕਹਿਰ ਨਾਲ ਜੂਝ ਰਹੇ ਲੋਕਾਂ ਨਾਲ ਆਪਣੀ ਇਕਜੁੱਟਤਾ ਪ੍ਰਗਟ ਕੀਤੀ ਹੈ।
ਅੱਜ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ ਵਿਖੇ ਰਾਜਸਥਾਨ ਭਾਈਚਾਰੇ ਦੇ ਲੋਕਾਂ ਨੇ ਪੁੱਜ ਕੇ ਰਾਹਤ ਸਮੱਗਰੀ ਵੰਡਣ ਦੇ ਨਾਲ ਨਾਲ ਸਮਾਜਿਕ ਰਿਸ਼ਤੇ ਨੂੰ ਵੀ ਮਜ਼ਬੂਤ ਬਣਾ ਦਿੱਤਾ।
ਰਾਜਸਥਾਨ ਦੇ ਰਾਮਗੜ੍ਹ ਤੋਂ ਪਿੰਡ ਦੀ ਸੇਵਾ ਸੰਮਤੀ ਅਤੇ ਅਖਿਲ ਭਾਰਤੀ ਕਿਸਾਨ ਸਭਾ ਦੇ ਮੈਂਬਰਾਂ ਦਾਰਾ ਸਿੰਘ ਸ਼ਰਮਾ, ਰਾਕੇਸ਼ ਗੌਦਾਰਾ, ਦਲੀਪ ਭੰਬੂ, ਦਯਾ ਰਾਮ ਪੱਤਰਕਾਰ ਅਤੇ ਬਲਿੰਦਰਾ ਸਿੰਘ ਭੰਬੂ ਸਾਬਕਾ ਫੌਜੀ ਨੇ ਪਿੰਡ ਸੰਘੇੜਾ ਅਤੇ ਆਸਪਾਸ ਦੀਆਂ ਢਾਣੀਆਂ ਦੇ 99 ਘਰਾਂ ਦੇ ਲੋਕਾਂ ਨੂੰ ਕ੍ਰਮਵਾਰ ਦੋ- ਦੋ ਹਜ਼ਾਰ ਰੁਪਏ ਅਤੇ 12 ਘਰਾਂ ਨੂੰ ਪੰਚੀ -ਪੰਚੀ ਸੌ ਰੁਪਏ ਦੀ ਨਗਦ ਰਾਸ਼ੀ ਵੰਡੀ।
ਇਸ ਤੋਂ ਇਲਾਵਾ ਸਾਰੇ ਘਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਪਿੰਡ ਦੀ ਇੱਕ ਗਰੀਬ ਪਰਿਵਾਰ ਦੀ ਲੜਕੀ ਜਿਸਦੇ ਵਿਆਹ ਦੀ ਤਰੀਕ ਨੇੜੇ ਹੈ ਉਸਨੂੰ ਗਿਆਰਾਂ ਹਜ਼ਾਰ ਰੁਪਏ ਸ਼ਗਨ ਵਜੋਂ ਦੇਕੇ ਆਪਣੀ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕੀਤਾ।