ਰਾਜਾ ਵੜਿੰਗ ਨੇ ਕਾਂਗਰਸੀ ਉਮੀਦਵਾਰ ਲਈ ਵੋਟਾਂ ਮੰਗੀਆਂ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਰਨ ਤਾਰਨ ਦੇ ਲੋਕਾਂ ਤੋਂ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਲਈ ਵੋਟਾਂ ਮੰਗੀਆਂ। ਉਨ੍ਹਾਂ ਤਰਨ ਤਾਰਨ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੇ ਬੀਤੇ ਸਮੇਂ ਦੌਰਾਨ ਅਕਾਲੀ ਦਲ-ਭਾਜਪਾ, ਕਾਂਗਰਸ ਪਾਰਟੀ ਅਤੇ ਵਰਤਮਾਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਹੈ। ਲੋਕਾਂ ਨੂੰ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਦੇਖਦਿਆਂ ਵੋਟ ਦੇਣੀ ਚਾਹੀਦੀ ਹੈ| ਉਨ੍ਹਾਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਅਸਫ਼ਲ ਆਖਦਿਆਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਦਰਦਨਾਕ ਬਣ ਚੁੱਕੀ ਹੈ। ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ| ਉਨ੍ਹਾਂ ਸਰਕਾਰ ਵਲੋਂ ਸੂਬੇ ਦੇ ਖਜ਼ਾਨੇ ਨਾਲ ਖਿਲਵਾੜ ਕਰਕੇ ਇਸ ਨੂੰ ਖਾਲੀ ਕਰਨ ਦਾ ਦੋਸ਼ ਵੀ ਲਗਾਇਆ|
ਉਨ੍ਹਾਂ ਆਮ ਆਦਮੀ ਪਾਰਟੀ ਦੀ ਜਥੇਬੰਦਕ ਹਾਲਤ ਨੂੰ ਅਤਿ ਤਰਸਯੋਗ ਆਖਦਿਆਂ ਕਿਹਾ ਕਿ ਪਾਰਟੀ ਕੋਲ ਤਰਨ ਤਾਰਨ ਤੋਂ ਚੋਣ ਲੜਾਉਣ ਲਈ ਇਕ ਵੀ ਬੇਦਾਗ ਵਿਅਕਤੀ ਨਹੀਂ ਹੈ ਜਿਸ ਕਰਕੇ ਪਾਰਟੀ ਨੇ ਦੋ ਵਾਰ ਹਾਰ ਚੁੱਕੇ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ| ਉਨ੍ਹਾਂ ਵੋਟਰਾਂ ਨੂੰ ਆਪਣਾ ਵੋਟ ਦੇਣ ਲਈ ਭਾਵਨਾਵਾਂ ਦੇ ਗੇੜ ਵਿੱਚ ਨਾ ਵਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਚੋਣ ਦਾ ਨਤੀਜਾ 2027 ਦੀ ਚੋਣ ਦੇ ਨਤੀਜਿਆਂ ਦੀ ਤਸਵੀਰ ਬਣਨ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਦੇ ਕੇ ਆਪਣੀ ਇੱਛਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ| ਹੋਰਨਾਂ ਤੋਂ ਇਲਾਵਾ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ, ਰਾਜਬੀਰ ਸਿੰਘ ਭੁੱਲਰ ਨੇ ਵੀ ਇਸ ਮੌਕੇ ਸੰਬੋਧਨ ਕੀਤਾ|
