ਪੰਜਾਬ ’ਚ ਮੀਂਹ ਨੇ ਸ਼ਹਿਰ ਕੀਤੇ ਜਲ-ਥਲ
ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ; ਮੌਸਮ ਵਿਭਾਗ ਵੱਲੋਂ 3, 4 ਤੇ 5 ਨੂੰ ਭਾਰੀ ਮੀਂਹ ਪੈਣ ਦੀ ਚਿਤਾਵਨੀ
Advertisement
ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਅੱਜ ਵੀ ਜਾਰੀ ਰਿਹਾ। ਕਈ ਜ਼ਿਲ੍ਹਿਆਂ ਵਿੱਚ ਤੜਕੇ ਪਏ ਮੀਂਹ ਨੇ ਅੱਧਾ ਦਰਜਨ ਦੇ ਕਰੀਬ ਸ਼ਹਿਰਾਂ ਨੂੰ ਜਲ-ਥਲ ਕਰ ਕੇ ਰੱਖ ਦਿੱਤਾ। ਇਸ ਦੌਰਾਨ ਸਭ ਤੋਂ ਵੱਧ ਮਾੜੇ ਹਾਲਾਤ ਬਠਿੰਡਾ ਸ਼ਹਿਰ ਦੇ ਬਣੇ, ਜਿੱਥੇ ਮੀਂਹ ਕਾਰਨ ਸਾਰਾ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦੇ ਪੌਸ਼ ਖੇਤਰਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਗਿਆ। ਇਹੀ ਹਾਲਾਤ ਅੰਮ੍ਰਿਤਸਰ, ਗੁਰਦਾਸਪੁਰ ਤੇ ਹੋਰਨਾਂ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲੇ। ਭਾਵੇਂ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਜ਼ਰੂਰ ਦਿਵਾ ਦਿੱਤੀ, ਪਰ ਪ੍ਰਸ਼ਾਸਨ ਵੱਲੋਂ ਮੌਨਸੂਨ ਸਬੰਧੀ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਇਹ ਮੀਂਹ ਕਈ ਥਾਈਂ ਲੋਕਾਂ ਲਈ ਆਫ਼ਤ ਬਣ ਗਿਆ। ਮੌਸਮ ਦੀ ਚਿਤਾਵਨੀ ਨੂੰ ਦੇਖਦਿਆਂ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਅੱਜ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 14,808 ਮੈਗਾਵਾਟ ਦਰਜ ਕੀਤੀ ਗਈ, ਜੋ ਆਮ ਤੌਰ ’ਤੇ 16 ਹਜ਼ਾਰ ਦੇ ਕਰੀਬ ਚੱਲ ਰਹੀ ਸੀ। ਹਾਲਾਂਕਿ, ਰਾਤ ਹੁੰਦਿਆਂ ਹੀ ਇਹ ਮੰਗ ਘਟ ਕੇ 12 ਹਜ਼ਾਰ ਮੈਗਾਵਾਟ ਰਹਿ ਗਈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ 24 ਘੰਟਿਆਂ ਦੌਰਾਨ 115 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 16 ਐੱਮਐੱਮ, ਪਟਿਆਲਾ ਵਿੱਚ 32.3, ਫ਼ਰੀਦਕੋਟ ਵਿੱਚ 10.8, ਗੁਰਦਾਸਪੁਰ ਵਿੱਚ 57.2, ਲੁਧਿਆਣਾ ਵਿੱਚ 25.5, ਮੁਹਾਲੀ ਵਿੱਚ 12.5, ਪਠਾਨਕੋਟ ਵਿੱਚ 28, ਰੋਪੜ ਵਿੱਚ 6.5, ਬਲਾਚੌਰ ਵਿੱਚ 4.5 ਐੱਮਐੱਮ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ 3, 4 ਤੇ 5 ਅਗਸਤ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਇਸ ਲਈ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਵੀ ਜਾਰੀ ਕਰ ਦਿੱਤਾ ਹੈ।
Advertisement
Advertisement