ਸਤੰਬਰ ਵਿੱਚ ਮੀਂਹ ਨੇ 7 ਸਾਲ ਦਾ ਰਿਕਾਰਡ ਤੋੜਿਆ
ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਭਾਰੀ ਹੜ੍ਹ ਆਏ ਹਨ ਪਰ ਇਸ ਦੌਰਾਨ ਪੰਜਾਬ ਵਿੱਚ ਲੋੜ ਨਾਲੋਂ ਵੱਧ ਪਿਆ ਮੀਂਹ ਵੀ ਤਬਾਹੀ ਦਾ ਵੱਡਾ ਕਾਰਨ ਬਣਿਆ ਹੈ। ਪੰਜਾਬ ਵਿੱਚ ਸਤੰਬਰ ਵਿੱਚ ਲੋੜ ਨਾਲੋਂ ਵੱਧ ਮੀਂਹ ਪਿਆ, ਜਿਸ ਕਰਕੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਇਸ ਵਾਰ ਸਤੰਬਰ ਵਿੱਚ ਪਏ ਭਾਰੀ ਮੀਂਹ ਨੇ 7 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਵਾਰ ਸਤੰਬਰ ਵਿੱਚ ਆਮ ਨਾਲੋਂ 94 ਫ਼ੀਸਦ ਵੱਧ ਮੀਂਹ ਪਿਆ। ਇਸ ਮਹੀਨੇ ਆਮ ਤੌਰ ’ਤੇ 77.7 ਐੱਮਐੱਮ ਮੀਂਹ ਪੈਂਦਾ ਹੈ, ਪਰ ਇਸ ਵਾਰ 150.6 ਐੱਮਐੱਮ ਮੀਂਹ ਪਿਆ। ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਸੰਗਰੂਰ ਤੇ ਤਰਨ ਤਾਰਨ ਵਿੱਚ ਆਮ ਨਾਲੋਂ ਦੁੱਗਣੇ ਤੋਂ ਵੱਧ ਮੀਂਹ ਪਿਆ। ਹਾਲਾਂਕਿ ਇਸ ਸਾਲ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 43 ਫ਼ੀਸਦ ਵੱਧ ਮੀਂਹ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਆਮ ਨਾਲੋਂ 230 ਫ਼ੀਸਦ ਵੱਧ 207.4 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 104 ਫ਼ੀਸਦ ਵੱਧ 152.7 ਐੱਮਐੱਮ, ਫਰੀਦਕੋਟ ਵਿੱਚ 12 ਫ਼ੀਸਦ ਵੱਧ 55.8, ਫ਼ਤਹਿਗੜ੍ਹ ਸਾਹਿਬ ਵਿੱਚ 86 ਫ਼ੀਸਦ ਵੱਧ 153.4, ਗੁਰਦਾਸਪੁਰ ਵਿੱਚ 138 ਫ਼ੀਸਦ ਵੱਧ 192.5, ਹੁਸ਼ਿਆਰਪੁਰ ਵਿੱਚ 14 ਫ਼ੀਸਦ ਵੱਧ 118.8, ਜਲੰਧਰ ਵਿੱਚ 136 ਫ਼ੀਸਦ ਵੱਧ 233.2, ਕਪੂਰਥਲਾ ਵਿੱਚ 42 ਫ਼ੀਸਦ ਵੱਧ 131.4, ਲੁਧਿਆਣਾ ਵਿੱਚ 82 ਫ਼ੀਸਦ ਵੱਧ 244.4, ਮਾਨਸਾ ਵਿੱਚ 157 ਫ਼ੀਸਦ ਵੱਧ 121.8 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਮੋਗਾ ਵਿੱਚ 135 ਫ਼ੀਸਦ ਵੱਧ 111 ਐੱਮਐੱਮ, ਮੁਕਤਸਰ ਵਿੱਚ 97 ਫ਼ੀਸਦ ਵੱਧ 105, ਪਠਾਨਕੋਟ ਵਿੱਚ 33 ਫ਼ੀਸਦ ਵੱਧ 169, ਪਟਿਆਲਾ ਵਿੱਚ 55 ਫ਼ੀਸਦ ਵੱਧ 167.1, ਰੋਪੜ ਵਿੱਚ 80 ਫ਼ੀਸਦ ਵੱਧ 250.9, ਸੰਗਰੂਰ ਵਿੱਚ 180 ਫ਼ੀਸਦ ਵੱਧ 223.6, ਨਵਾਂ ਸ਼ਹਿਰ ਵਿੱਚ 43 ਫ਼ੀਸਦ ਵੱਧ 198.5 ਅਤੇ ਤਰਨ ਤਾਰਨ ਵਿੱਚ 168 ਫ਼ੀਸਦ ਵੱਧ 144.4 ਐੱਮਐੱਮ ਮੀਂਹ ਪਿਆ ਹੈ। ਦੂਜੇ ਪਾਸੇ ਬਠਿੰਡਾ ਸ਼ਹਿਰ ਵਿੱਚ ਸਤੰਬਰ ਵਿੱਚ ਆਮ ਨਾਲੋਂ 32 ਫ਼ੀਸਦ ਘੱਟ 34.1 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਫਾਜ਼ਿਲਕਾ ਵਿੱਚ 46 ਫ਼ੀਸਦ ਘੱਟ 20.8, ਫਿਰੋਜ਼ਪੁਰ ਵਿੱਚ 48 ਫ਼ੀਸਦ ਘੱਟ 28.5 ਅਤੇ ਮੁਹਾਲੀ ਵਿੱਚ 4 ਫ਼ੀਸਦ ਘੱਟ 111.6 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਆਉਣ ਵਾਲੇ 4-5 ਦਿਨ ਮੌਸਮ ਸਾਫ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਅਤੇ ਹੁੰਮਸ ਭਰੀ ਗਰਮੀ ਪਵੇਗੀ।
ਸਾਲ 2018 ਵਿੱਚ ਆਮ ਨਾਲੋਂ 119 ਫ਼ੀਸਦ ਵੱਧ ਪਿਆ ਸੀ ਮੀਂਹ
ਪੰਜਾਬ ਵਿੱਚ ਸਤੰਬਰ 2025 ਦੌਰਾਨ ਆਮ ਨਾਲੋਂ 94 ਫ਼ੀਸਦ ਵੱਧ 150.6 ਐੱਮਐੱਮ ਮੀਂਹ ਪਿਆ ਹੈ, ਜਦੋਂ ਕਿ ਆਮ ਤੌਰ ’ਤੇ 77.7 ਐੱਮਐੱਮ ਮੀਂਹ ਪੈਂਦਾ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਆਮ ਨਾਲੋਂ 119 ਫ਼ੀਸਦ ਵੱਧ 203 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਸਾਲ 2019 ਵਿੱਚ 8 ਫ਼ੀਸਦ ਘੱਟ 76.5 ਐੱਮਐੱਮ, 2020 ਵਿੱਚ 72 ਫ਼ੀਸਦ ਘੱਟ 22.2, 2021 ਵਿੱਚ 77 ਫ਼ੀਸਦ ਵੱਧ 143.2, 2022 ਵਿੱਚ 24 ਫ਼ੀਸਦ ਵੱਧ 96.5, 2023 ਵਿੱਚ 17 ਫ਼ੀਸਦ ਘੱਟ 64.3 ਅਤੇ 2024 ਵਿੱਚ 46 ਫ਼ੀਸਦ ਘੱਟ 42.2 ਐੱਮਐੱਮ ਮੀਂਹ ਪਿਆ ਸੀ।