ਮੀਂਹ ਕਾਰਨ ਪੰਜਾਬ ਵਿੱਚ ਹਾਲਾਤ ਬਦਤਰ
ਦਰਜਨਾਂ ਸ਼ਹਿਰ ਜਲ-ਥਲ; ਮੌਸਮ ਵਿਭਾਗ ਵੱਲੋਂ ਅੱਜ ਤੇ ਭਲਕੇ ਮੀਂਹ ਪੈਣ ਦੀ ਪੇਸ਼ੀਨਗੋਈ
Advertisement
ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੇ ਨਾਲ-ਨਾਲ ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਲੰਘੇ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਵੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਘੱਗਰ ਅਤੇ ਸਤਲੁਜ ਦਰਿਆਵਾਂ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਹੜ੍ਹਾਂ ਦਾ ਖਦਸ਼ਾ ਸਤਾਉਣ ਲੱਗ ਪਿਆ ਹੈ। ਅੱਜ ਸਤਲੁਜ ਦਰਿਆ ਦੇ ਪਾਣੀ ਕਾਰਨ ਰੂਪਨਗਰ ਇਲਾਕੇ ’ਚ ਅੱਜ ਨੁਕਸਾਨ ਹੋਇਆ ਹੈ। ਘੱਗਰ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਆਪਣੇ ਘਰਾਂ ਦਾ ਕੀਮਤੀ ਸਾਮਾਨ ਸਾਂਭਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਮੌਸਮ ਵਿਭਾਗ ਨੇ ਪੰਜਾਬ ਵਿੱਚ ਦੋ ਅਤੇ ਤਿੰਨ ਸਤੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਹੜ੍ਹਾਂ ’ਚ ਘਿਰੇ ਸੂਬਾ ਵਾਸੀਆਂ ਦਾ ਫ਼ਿਕਰ ਹੋਰ ਵਧ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਵਿੱਚ ਕੱਲ੍ਹ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਅੱਜ ਪੰਜਾਬ ਦੇ ਦਰਜਨਾਂ ਸ਼ਹਿਰ ਜਲ-ਥਲ ਹੋ ਗਏ ਹਨ। ਇਸ ਕਰ ਕੇ ਸ਼ਹਿਰਾਂ ਦੇ ਮੁੱਖ ਬਾਜ਼ਾਰਾਂ ਸਣੇ ਵੱਡੀ ਗਿਣਤੀ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਹਨ। ਇਸ ਕਾਰਨ ਲੋਕਾਂ ਨੂੂੰ ਵਾਹਨ ਚਲਾਉਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Advertisement
ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 99.9 ਐੱਮ ਐੱਮ, ਅੰਮ੍ਰਿਤਸਰ ਵਿੱਚ 24.1 ਐੱਮ ਐੱਮ, ਲੁਧਿਆਣਾ ਵਿੱਚ 216 ਐੱਮ ਐੱਮ, ਪਟਿਆਲਾ ਵਿੱਚ 104.9 ਐੱਮ ਐੱਮ, ਪਠਾਨਕੋਟ ਵਿੱਚ 3.6 ਐੱਮ ਐੱਮ, ਫ਼ਰੀਦਕੋਟ ਵਿੱਚ 10.2 ਐੱਮ ਐੱਮ, ਨਵਾਂ ਸ਼ਹਿਰ ਵਿੱਚ 112.7 ਐੱਮ ਐੱਮ, ਬਠਿੰਡਾ ਵਿੱਚ 13.5 ਐੱਮ ਐੱਮ, ਫ਼ਿਰੋਜ਼ਪੁਰ ਵਿੱਚ 12 ਐੱਮ ਐੱਮ, ਹੁਸ਼ਿਆਰਪੁਰ ਵਿੱਚ 26.5 ਐੱਮ ਐੱਮ, ਮਾਨਸਾ ਵਿੱਚ 42 ਐੱਮ ਐੱਮ, ਮੁਹਾਲੀ ਵਿੱਚ 84 ਐੱਮ ਐੱਮ, ਰੋਪੜ ਵਿੱਚ 91 ਐੱਮ ਐੱਮ ਅਤੇ ਬਲਾਚੌਰ ਵਿੱਚ 123.5 ਐੱਮ ਐੱਮ ਮੀਂਹ ਪਿਆ ਹੈ।
Advertisement