ਪਹਾੜਾਂ ’ਚ ਮੀਂਹ ਬਣਿਆ ਪੰਜਾਬ ਲਈ ‘ਮੁਸੀਬਤ’
ਜਾਣਕਾਰੀ ਮੁਤਾਬਕ ਮੁਕੇਰੀਆਂ ਵਿੱਚ ਬਿਆਸ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਧਨੋਆ ਪੱਤਣ ਪੁਲ ਵਿੱਚ ਦਰਾਰ ਆ ਗਈ ਜਿਸ ਕਾਰਨ ਪੁਲੀਸ ਨੇ ਪੁਲ ’ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਇਸੇ ਤਰ੍ਹਾਂ ਬਿਆਸ ਨੇ ਮੰਡ ਖੇਤਰ ਵਿੱਚ ਤਬਾਹੀ ਮਚਾ ਦਿੱਤੀ ਹੈ। ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕੁਝ ਪਿੰਡਾਂ ਵੀ ਪਾਣੀ ਦੀ ਲਪੇਟ ਵਿੱਚ ਹਨ। ਬਿਆਸ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਹਾਲਾਤ ਨਾਜ਼ੁਕ ਹਨ।
ਜਾਣਕਾਰੀ ਅਨੁਸਾਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅੱਜ ਸ਼ਾਮ ਸਮੇਂ 1659.87 ਫੁੱਟ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚ ਖ਼ਤਰੇ ਦਾ ਨਿਸ਼ਾਨ 1680 ਫੁੱਟ ’ਤੇ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1378.75 ਫੁੱਟ ’ਤੇ ਦਰਜ ਕੀਤਾ ਗਿਆ ਹੈ ਜਦਕਿ ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 520.410 ਮੀਟਰ ਦਰਜ ਕੀਤਾ ਗਿਆ ਹੈ ਜਿੱਥੇ ਖ਼ਤਰੇ ਦਾ ਨਿਸ਼ਾਨ 527.91 ਫੁੱਟ ’ਤੇ ਹੈ। ਸ਼ਾਹਪੁਰ ਕੰਢੀ ਡੈਮ ਵਿੱਚ ਪਾਣੀ ਦਾ ਪੱਧਰ 499.400 ਮੀਟਰ ’ਤੇ ਦਰਜ ਕੀਤਾ ਗਿਆ ਹੈ, ਜਿੱਥੇ ਖ਼ਤਰੇ ਦਾ ਨਿਸ਼ਾਨ 405 ਮੀਟਰ ’ਤੇ ਹੈ।
ਸੂਬਾ ਸਰਕਾਰ ਨੇ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਡੈਮਾਂ ਅਤੇ ਦਰਿਆਵਾਂ ਵਿੱਚ ਵਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਵਾਰ ਕੰਟਰੋਲ ਰੂਮ ਵੀ ਸਥਾਪਤ ਕੀਤੇ ਗਏ ਹਨ, ਜਿਸ ’ਤੇ ਲੋਕ ਲੋੜ ਪੈਣ ’ਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਮਦਦ ਵੀ ਲੈ ਸਕਦੇ ਹਨ।