ਮੀਂਹ ਨਾਲ ਗਰਮੀ ਤੋਂ ਰਾਹਤ ਪਰ ਕਿਸਾਨਾਂ ਲਈ ਬਣਿਆ ਆਫ਼ਤ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੰਘੇ ਦਿਨ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਪਏ ਮੀਂਹ ਕਰ ਕੇ ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ ਤੇ ਮੀਂਹ ਨੇ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ। ਅੱਜ ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਹਾਲੀ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਸਣੇ ਹੋਰ ਕਈ ਸ਼ਹਿਰਾਂ ਵਿੱਚ ਮੀਂਹ ਪਿਆ। ਪੰਜਾਬ ਵਿੱਚ ਅੱਜ ਪਏ ਮੀਂਹ ਨਾਲ ਤਾਪਮਾਨ ਵਿੱਚ 11 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ, ਮੁਹਾਲੀ ਤੇ ਪਠਾਨਕੋਟ ਵਿੱਚ ਭਾਰੀ ਮੀਂਹ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ, ਮੁਹਾਲੀ ਤੇ ਪਠਾਨਕੋਟ ਵਿੱਚ ਭਾਰੀ ਮੀਂਹ ਪਿਆ ਹੈ। ਇਸ ਦੌਰਾਨ ਪਠਾਨਕੋਟ ਵਿੱਚ 56.5 ਮਿਲੀਮੀਟਰ, ਚੰਡੀਗੜ੍ਹ ਵਿੱਚ 33.4, ਮੁਹਾਲੀ ਵਿੱਚ 32.5, ਅੰਮ੍ਰਿਤਸਰ ਵਿੱਚ 25.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ 2.8, ਪਟਿਆਲਾ ਵਿੱਚ 6.6, ਬਠਿੰਡਾ ਵਿੱਚ 8 ਮਿਲੀਮੀਟਰ, ਗੁਰਦਾਸਪੁਰ ਵਿੱਚ 19.4, ਫਿਰੋਜ਼ਪੁਰ ਵਿੱਚ 7 ਮਿਲੀਮੀਟਰ, ਰੋਪੜ ਵਿੱਚ 8 ਮਿਲੀਮੀਟਰ ਅਤੇ ਹੋਰਨਾਂ ਸ਼ਹਿਰਾਂ ਹਲਕਾ ਮੀਂਹ ਪਿਆ ਹੈ।