ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਡੀਕਲ ਸਟੋਰਾਂ ’ਤੇ ਛਾਪੇ; ਨੌਂ ਲੱਖ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ

ਪ੍ਰਸ਼ਾਸਨ ਨੇ ਤੁਰੰਤ ਚਾਰ ਸਟੋਰ ਸੀਲ ਕੀਤੇ; ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਕਾਰਵਾਈ
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ।
Advertisement

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਟੀਮ ਦਾ ਗਠਨ ਕਰਕੇ ਛੇ ਮੈਡੀਕਲ ਸਟੋਰਾਂ ’ਤੇ ਛਾਪੇ ਮਾਰੇ, ਜਿਨ੍ਹਾਂ ਵਿੱਚੋਂ ਚਾਰ ਮੈਡੀਕਲ ਸਟੋਰਾਂ ਤੋਂ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਦਵਾਈਆਂ ਮਿਲਣ ’ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਪਿੰਡ ਲੱਖੋ ਕੇ ਬਹਿਰਾਮ ਨਸ਼ੇ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਇਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸੀਨੀਅਰ ਮੈਡੀਕਲ ਅਫ਼ਸਰ, ਕਾਰਜਕਾਰੀ ਮੈਜਿਸਟਰੇਟ ਸ਼ਾਮਲ ਸਨ। ਟੀਮ ਨੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਉਪਰੰਤ ਇਕ ਰਿਪੋਰਟ ਦਾਖਲ ਕੀਤੀ। ਅਧਿਕਾਰੀਆਂ ਦੱਸਿਆ ਕਿ ਮਰਨ ਵਾਲੇ ਤਿੰਨ ਨੌਜਵਾਨਾਂ ਦੀ ਸਥਿਤੀ ਨਸ਼ੇ ਕਾਰਨ ਪਹਿਲਾਂ ਤੋਂ ਹੀ ਖ਼ਰਾਬ ਸੀ ਅਤੇ ਇਨ੍ਹਾਂ ਵਿੱਚੋਂ ਇਕ ਨੌਜਵਾਨ ਨੂੰ ਪਿੱਠ ’ਤੇ ਅਲਸਰ ਦੀ ਬਿਮਾਰੀ ਸੀ ਅਤੇ ਇਹ ਸਾਰੇ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹਿਲਾਂ ਤੋਂ ਕਈ ਵਾਰ ਨਸ਼ਾ ਛੱਡਣ ਦੀ ਦਵਾਈ ਲੈਣ ਆਉਂਦੇ-ਜਾਂਦੇ ਰਹੇ ਸਨ। ਇਸ ਤੋਂ ਇਲਾਵਾ ਚੌਥਾ ਨੌਜਵਾਨ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੱਡਣ ਦੀ ਗੋਲੀ ਲੈ ਕੇ ਆਇਆ ਸੀ ਅਤੇ ਗੋਲੀ ਦਾ ਟੀਕਾ ਬਣਾ ਕੇ ਲਾਉਣ ਕਾਰਨ ਉਸ ਦੀ ਮੌਤ ਹੋ ਗਈ ਸੀ। ਡੀਸੀ ਨੇ ਦੱਸਿਆ ਕਿ ਇਸ ਉਪਰੰਤ ਲੱਖੋਕੇ ਬਹਿਰਾਮ ਵਿੱਚ ਪੰਜ ਮੈਡੀਕਲ ਸਟੋਰਾਂ ਦੀ ਜਾਂਚ ਲਈ ਇਕ ਹੋਰ ਟੀਮ ਬਣਾਈ ਗਈ। ਟੀਮ ਵਿੱਚ ਸ਼ਾਮਲ ਮਿਸ ਹਰਿਤਾ ਬੰਸਲ, ਜ਼ਿਲ੍ਹਾ ਕੰਟਰੋਲਿੰਗ ਅਫ਼ਸਰ (ਫਿਰੋਜ਼ਪੁਰ), ਰਮਨਦੀਪ ਗੁਪਤਾ ਜ਼ਿਲ੍ਹਾ ਕੰਟਰੋਲਿੰਗ ਅਫ਼ਸਰ (ਮੁਕਤਸਰ), ਪਰਮਪਾਲ ਸਿੰਘ, ਨਾਇਬ ਤਹਿਸੀਲਦਾਰ ਮੱਲਾਂਵਾਲਾ ਅਤੇ ਪੁਲੀਸ ਨੇ ਪੰਜ ਮੈਡੀਕਲ ਸਟੋਰਾਂ ਤਨੂ ਮੈਡੀਕੋਜ਼, ਗੁਰੂ ਨਾਨਕ 13-13 ਮੈਡੀਕਲ ਸਟੋਰ, ਸੁਖਰਾਜ ਮੈਡੀਕਲ ਸਟੋਰ, ਸਤਨਾਮ ਮੈਡੀਕਲ ਸਟੋਰ ਅਤੇ ਪਰਮੀਤ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ, ਜਿਸ ਵਿੱਚੋਂ ਤਿੰਨ ਮੈਡੀਕਲ ਸਟੋਰਾਂ ਪਰਮੀਤ ਮੈਡੀਕਲ ਸਟੋਰ ਤੋਂ 2950 ਪਾਬੰਦੀਸ਼ੁਦਾ ਦਵਾਈਆਂ, ਗੁਰੂ ਨਾਨਕ 13-13 ਮੈਡੀਕਲ ਸਟੋਰ ਤੋਂ 420 ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਅਤੇ ਤਨੂ ਮੈਡੀਕਲ ਸਟੋਰ ਤੋਂ ਵੀ ਪਾਬੰਦੀਸ਼ੁਦਾ ਦਵਾਈਆਂ ਮਿਲਣ ਕਰਕੇ ਇਨ੍ਹਾਂ ਤਿੰਨਾਂ ਨੂੰ ਸੀਲ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਬੀਤੇ ਦਿਨੀਂ ਖੁਰਾਣਾ ਮੈਡੀਕਲ ਏਜੰਸੀ ਮੁਲਤਾਨੀ ਗੇਟ ਫਿਰੋਜ਼ਪੁਰ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਫ਼ਰਮ ਵੱਲੋਂ 35,200 ਨਸ਼ੀਲੀਆਂ ਗੋਲੀਆਂ ਅਤੇ 4,400 ਨਸ਼ੀਲੇ ਕੈਪਸੂਲ ਬਰਾਮਦ ਹੋਏ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ ਨੌਂ ਲੱਖ ਰੁਪਏ ਬਣਦੀ ਹੈ। ਫ਼ਰਮ ਨੂੰ ਇਨ੍ਹਾਂ ਦਵਾਈਆਂ ਦਾ ਸਟਾਕ ਰੱਖਣ ਦੀ ਆਗਿਆ ਨਹੀਂ ਸੀ ਅਤੇ ਜਨਤਕ ਸਿਹਤ ਦੇ ਹਿੱਤ ਵਿੱਚ ਇਸ ਚੌਥੀ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

Advertisement

ਹੁਣ ਤੱਕ 1.32 ਕਰੋੜ ਦੀਆਂ ਪਾਬੰਦੀਸ਼ੁਦਾ ਦਵਾਈ ਜ਼ਬਤ: ਡੀਸੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਤ ਤਹਿਤ 1 ਜਨਵਰੀ 2025 ਤੋਂ ਹੁਣ ਤੱਕ 207 ਜਾਂਚ ਪੜਤਾਲ ਕੀਤੀਆਂ ਗਈਆਂ ਸਨ, ਜਿਸ ਦੌਰਾਨ 1.32 ਕਰੋੜ ਦੇ ਮੁੱਲ ਦੀਆਂ ਪਾਬੰਦੀਸ਼ੁਦਾ ਦਵਾਈਆਂ ਜ਼ਬਤ ਕੀਤੀਆਂ ਗਈਆਂ ਅਤੇ 12 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਤੇ 65 ਲਾਇਸੈਂਸ ਰੱਦ ਕੀਤੇ ਗਏ। ਉਨ੍ਹਾਂ ਕਿਹਾ ਕਿ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹੇ ਦੇ ਵਿੱਚ ਮੈਡੀਕਲ ਸਟੋਰਾਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਅਤੇ ਪਾਬੰਦੀਸ਼ੁਦਾ ਦਵਾਈਆਂ ਮਿਲਣ ’ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

Advertisement
Show comments