ਧਾਂਦਲੀ ਦੇ ਦਾਅਵੇ ਨਾਲ ਵੋਟਰਾਂ ਦਾ ਅਪਮਾਨ ਕਰ ਰਹੇ ਨੇ ਰਾਹੁਲ: ਫੜਨਵੀਸ
ਨਾਗਪੁਰ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਕ ’ਚ ਧਾਂਦਲੀ ਦਾ ਦਾਅਵਾ ਕਰਕੇ ਸੂਬੇ ਦੇ ਲੋਕਾਂ ਅਤੇ ਮਹਿਲਾ ਵੋਟਰਾਂ ਦਾ ‘ਅਪਮਾਨ’ ਕੀਤਾ ਹੈ। ਫੜਨਵੀਸ ਨੇ ਕਿਹਾ ਕਿ ਰਾਹੁਲ ਵੱਲੋਂ ਕੀਤੇ ਗਏ ਦਾਅਵੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਨੂੰ ਸਵੀਕਾਰ ਕਰਨ ਦੇ ਬਰਾਬਰ ਹਨ। ਉਨ੍ਹਾਂ ਰਾਹੁਲ ਨੂੰ ਅਪੀਲ ਕੀਤੀ ਕਿ ਉਹ ਝੂਠ ਬੋਲ ਕੇ ਖੁਦ ਨੂੰ ‘ਝੂਠਾ ਦਿਲਾਸਾ’ ਦੇਣ ਤੋਂ ਗੁਰੇਜ਼ ਕਰਨ। ਫੜਨਵੀਸ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਧੁੰਦਲੇ ਭਵਿੱਖ ਦੀ ਜ਼ਮੀਨੀ ਹਕੀਕਤ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਜਦੋਂ ਤੱਕ ਰਾਹੁਲ ਗਾਂਧੀ ਜ਼ਮੀਨੀ ਹਕੀਕਤ ਨੂੰ ਨਹੀਂ ਸਮਝਦੇ ਅਤੇ ਆਪਣੇ ਬਾਰੇ ਝੂਠ ਬੋਲਣਾ ਅਤੇ ਝੂਠੇ ਭਰੋਸੇ ਦੇਣੇ ਬੰਦ ਨਹੀਂ ਕਰਦੇ, ਉਨ੍ਹਾਂ ਦੀ ਪਾਰਟੀ ਕਦੇ ਨਹੀਂ ਜਿੱਤ ਸਕਦੀ।’ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਨੇ ਚੋਣਾਂ ਦੀ ਨਿਰਪੱਖਤਾ ’ਤੇ ਸ਼ੱਕ ਕਰਕੇ ਮਹਾਰਾਸ਼ਟਰ ਦੇ ਵੋਟਰਾਂ ਦਾ ਅਪਮਾਨ ਕੀਤਾ ਹੈ। -ਪੀਟੀਆਈ