ਦਵਾਈਆਂ ਦੀ ਗੁਣਵੱਤਾ ਬਰਕਰਾਰ ਰੱਖੀ ਜਾਵੇ: ਬਲਬੀਰ ਸਿੰਘ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਦਵਾਈ ਨਿਰਮਾਣ ਇਕਾਈਆਂ ਨੂੰ ਗੁਣਵੱਤਾ ਅਤੇ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੱਧ ਪ੍ਰਦੇਸ਼ ਵਿੱਚ ਖੰਘ ਦੀ ਦਵਾਈ ਵਰਤਣ ਕਾਰਨ ਹਾਲ ਹੀ ਵਿੱਚ ਹੋਈਆਂ ਮੌਤਾਂ ਦੀ ਘਟਨਾ ਦੇ ਮੱਦੇਨਜ਼ਰ ਜ਼ਿਆਦਾ ਚੌਕਸੀ ਵਰਤਣ ’ਤੇ ਜ਼ੋਰ ਦਿੱਤਾ ਹੈ। ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਨਕਲੀ ਅਤੇ ਗ਼ੈਰਮਿਆਰੀ ਦਵਾਈਆਂ ਲਈ ਜ਼ੀਰੋ ਸਹਿਣਸ਼ੀਲਤਾ ਹੈ। ਉਨ੍ਹਾਂ ਸਾਰੇ ਨਿਰਮਾਤਾਵਾਂ ਨੂੰ ਨਿਰਧਾਰਤ ਗੁਣਵੱਤਾ ਨਿਯਮਾਂ ਅਤੇ ਵਿਸ਼ੇਸ਼ਤਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਮੁਹਾਲੀ ਵਿੱਚ ਪੰਜਾਬ ਦੀਆਂ ਦਵਾਈ ਨਿਰਮਾਣ ਇਕਾਈਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਹਤ ਮੰਤਰੀ ਨੇ ਉਤਪਾਦਨ ਤੋਂ ਪਹਿਲਾਂ ਕੱਚੇ ਮਾਲ ਦੀ ਸਖ਼ਤ ਜਾਂਚ ਦੇ ਨਾਲ-ਨਾਲ ਖੰਘ ਦੀ ਦਵਾਈ ਅਤੇ ਹੋਰ ਫਾਰਮਾਸਿਊਟੀਕਲ ਫਾਰਮੂਲੇਸ਼ਨਾਂ ਦੀ ਉਤਪਾਦਨ ਤੋਂ ਬਾਅਦ ਵੀ ਜਾਂਚ-ਪੜਤਾਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਪਾਅ ਮਾਸੂਮ ਬੱਚਿਆਂ ਅਤੇ ਮਨੁੱਖਤਾ ਦੇ ਹਿੱਤ ਵਿੱਚ ਜ਼ਰੂਰੀ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ ਪਰ ਮੌਜੂਦਾ ਹਾਲਾਤ ਵਿੱਚ ਚੌਕਸੀ ਵਧਾਉਣਾ ਜ਼ਰੂਰੀ ਹੈ। ਪੰਜਾਬ ਸਰਕਾਰ ਸੂਬੇ ਵਿੱਚ ਉੱਚ ਸਿਹਤ ਸੰਭਾਲ ਮਿਆਰਾਂ ਨੂੰ ਬਣਾਈ ਰੱਖਣ ਲਈ ਜਾਣੀ ਜਾਂਦੀ ਹੈ। ਕੇਂਦਰੀ ਡਰੱਗ ਅਥਾਰਟੀ ਅਤੇ ਕੇਂਦਰ ਸਰਕਾਰ ਨਾਲ ਮੁੱਦਿਆਂ ਬਾਰੇ ਦਵਾਈ ਨਿਰਮਾਤਾਵਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਬਾਰੇ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਉਦਯੋਗ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਦੀਆਂ ਚਿੰਤਾਵਾਂ ਨੂੰ ਢੁਕਵੇਂ ਮੰਚ ’ਤੇ ਉਠਾਇਆ ਜਾਵੇਗਾ।
ਮੰਤਰੀ ਨੇ ਇਹ ਵੀ ਦੱਸਿਆ ਕਿ ਦਵਾਈ ਨਿਰਮਾਤਾਵਾਂ ਨੂੰ ਆ ਰਹੀਆਂ ਦਿੱਕਤਾਂ ਤੇ ਮੁੱਦਿਆਂ ’ਤੇ ਵਿਚਾਰ ਲਈ ਸਲਾਹਕਾਰ ਕੌਂਸਲ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ। ਉਨ੍ਹਾਂ ਸਮੂਹ ਇਕਾਈਆਂ ਨੂੰ ਆਪਣੀਆਂ ਚਿੰਤਾਵਾਂ ਕੌਂਸਲ ਕੋਲ ਪੇਸ਼ ਕਰਨ ਕਿਹਾ ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਮੀਟਿੰਗ ਵਿੱਚ ਕਮਿਸ਼ਨਰ, ਫੂਡ ਐਂਡ ਡਰੱਗ ਪ੍ਰਸ਼ਾਸਨ, ਦਿਲਰਾਜ ਸਿੰਘ, ਸੰਯੁਕਤ ਕਮਿਸ਼ਨਰ, ਸੰਦੀਪ ਗਰਗ, ਡਰੱਗ ਮੈਨੂਫੈਕਚਰਿੰਗ ਯੂਨਿਟ ਦੇ ਪ੍ਰਧਾਨ ਜਗਦੀਪ ਸਿੰਘ ਵੱਖ-ਵੱਖ ਫਾਰਮਾਸਿਊਟੀਕਲ ਯੂਨਿਟਾਂ ਦੇ ਨੁਮਾਇੰਦੇ ਹਾਜ਼ਰ ਸਨ।
