ਪੰਜਾਬ ਦੀਆਂ ਰਾਤਾਂ ਸ਼ਿਮਲਾ ਨਾਲੋਂ ਠੰਢੀਆਂ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਪੂਰਾ ਉੱਤਰ ਭਾਰਤ ਠੰਢ ਦੀ ਲਪੇਟ ’ਚ ਹੈ, ਜਿੱਥੇ ਸੀਤ ਲਹਿਰ ਨੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਸਮੇਂ ਕੰਬਣੀ ਛੇੜੀ ਹੋਈ ਹੈ। ਪੰਜਾਬ ਦੀਆਂ ਰਾਤਾਂ ਸ਼ਿਮਲਾ ਨਾਲੋਂ ਠੰਢੀਆਂ ਹਨ। ਅੱਜ ਪੰਜਾਬ ਵਿੱਚ ਰੋਪੜ ਅਤੇ ਹਰਿਆਣਾ ਦਾ ਮਹਿੰਦਰਗੜ੍ਹ ਸ਼ਹਿਰ ਸਭ ਤੋਂ ਵੱਧ ਠੰਢਾ ਰਿਹਾ। ਰੋਪੜ ਵਿੱਚ ਘੱਟ ਤੋਂ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 5.5 ਦਰਜ ਰਿਹਾ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.7 ਡਿਗਰੀ ਸੈਲਸੀਅਸ ਵੱਧ ਹੈ, ਜਦਕਿ ਇੱਥੇ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਸੈਲਸੀਅਸ ਰਿਹਾ।
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਕਈ ਥਾਵਾਂ ’ਤੇ ਤੜਕੇ ਧੁੰਦ ਪੈਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰਾਜ ਵਿੱਚ ਸਵੇਰ ਤੇ ਰਾਤ ਨੂੰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦਸੰਬਰ ਦੇ ਪਹਿਲੇ ਹਫ਼ਤੇ ਹੀ ਵੱਧ ਗਈਆਂ ਹਨ। ਹਾਲਾਂਕਿ ਦਿਨ ਸਮੇਂ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਰਾਹਤ ਮਿਲ ਜਾਂਦੀ ਹੈ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਅਗਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਸੀਤ ਲਹਿਰ ਚੱਲਣ ਦੇ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਮੌਸਮ ਵਿਗਿਆਨੀਆਂ ਨੇ 10 ਤੇ 11 ਦਸੰਬਰ ਲਈ ਪੰਜਾਬ ਵਿੱਚ ਠੰਢ ਸਬੰਧੀ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8.6, ਅੰਮ੍ਰਿਤਸਰ ਵਿੱਚ 6.1, ਲੁਧਿਆਣਾ ਵਿੱਚ 9.2, ਪਟਿਆਲਾ ਵਿੱਚ 10.1, ਪਠਾਨਕੋਟ ਵਿੱਚ 5.6, ਬਠਿੰਡਾ ਵਿੱਚ 6.8, ਫ਼ਰੀਦਕੋਟ ਵਿੱਚ 3.8, ਗੁਰਦਾਸਪੁਰ ਵਿੱਚ 5, ਨਵਾਂ ਸ਼ਹਿਰ ਵਿੱਚ 6.9, ਫ਼ਿਰੋਜ਼ਪੁਰ ਵਿੱਚ 7.3, ਹੁਸ਼ਿਆਰਪੁਰ ਵਿੱਚ 4.9 ਅਤੇ ਮਾਨਸਾ ਵਿੱਚ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
