ਔਖੀ ਘੜੀ ’ਚ ਹੜ੍ਹ ਪੀੜਤਾਂ ਨਾਲ ਖੜ੍ਹੇ ਪੰਜਾਬੀ
ਪੰਜਾਬੀਆਂ ਨੇ ਹੜ੍ਹ ਪੀੜਤਾਂ ਨਾਲ ਅਪਣੱਤ ਦੇ ਰਿਸ਼ਤੇ ਗੰਢ ਕੇ ਦੁਨੀਆਂ ਦਾ ਧਿਆਨ ਖਿੱਚਿਆ ਹੈ। ਖਾਣ-ਪੀਣ ਤੇ ਹੋਰ ਵਸਤੂਆਂ ਸਣੇ ਪੈਸੇ ਦੀ ਖੁੱਲ੍ਹੇ ਦਿਲ ਨਾਲ ਕੀਤੀ ਮਦਦ ਨੇ ਇਨ੍ਹਾਂ ਦੀ ਦਰਿਆਦਿਲੀ ਦਾ ਸਬੂਤ ਦਿੱਤਾ ਹੈ। ਸੇਵਾ ਅਤੇ ਰਾਹਤ ਦੇ ਇਹ ਕਾਰਜ ਪੰਜਾਬ ਦੀ ਭਾਈਚਾਰਕ ਸਾਂਝ ਵਾਲੇ ਵਿਰਸੇ ਨੂੰ ਮੁੜ ਤਸਦੀਕ ਕਰ ਗਏ। ਕਿਸਾਨ ਅੰਦੋਲਨ ਵੇਲੇ ਜਿਵੇਂ ਦਿੱਲੀ ਦੀਆਂ ਹੱਦਾਂ ’ਤੇ ਪੰਜਾਬੀ ਦੇ ਜੋਸ਼ ਦਾ ਵਰਤਾਰਾ ਦੇਖਣ ਨੂੰ ਮਿਲਿਆ ਸੀ ਉਵੇਂ ਹੀ ਇਸ ਸੰਕਟ ਦੇ ਦੌਰ ਵਿੱਚ ਵੀ ਪੰਜਾਬੀਆਂ ਨੇ ਲੋੜਵੰਦਾਂ ਦੀ ਬਾਂਹ ਫੜੀ ਹੈ। ਰਾਹਾਂ ਵਿੱਚ ਲੰਗਰਾਂ ਦੀ ਸੇਵਾ ਵੀ ਜਾਰੀ ਰਹੀ। ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪੰਜਾਬੀ ਆਪਣੇ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਪੰਡਾਂ ਬੰਨ੍ਹ ਕੇ ਪੁੱਜੇ। ਪੰਜਾਬੀਆਂ ਦੇ ਇਸ ਉਪਰਾਲੇ ਵਿੱਚ ਸਿਆਸੀ ਧਿਰਾਂ, ਪ੍ਰਸ਼ਾਸਨਿਕ ਅਧਿਕਾਰੀ, ਪੰਜਾਬੀ ਗਾਇਕ, ਸਮਾਜਿਕ ਸੰਸਥਾਵਾਂ ਅਤੇ ਹੋਰ ਸੰਗਠਨ ਬਰਾਬਰ ਦੇ ਹਿੱਸੇਦਾਰ ਬਣੇ।
ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਲਖਵਿੰਦਰ ਸਿੰਘ ਕਾਹਨੇ ਕੇ, ਕਿਰਪਾਲ ਸਿੰਘ ਬਲਾਕੀਪੁਰ, ਰਾਣੀ ਪ੍ਰੀਤੀ ਸਿੰਘ, ਲਖਵਿੰਦਰ ਸਿੰਘ ਕੱਤਰੀ ਅਤੇ ਦਰਬਾਰ ਸਿੰਘ ਧੌਲ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਕਰਤਾਰਪੁਰ ਕੋਰੀਡੋਰ ਵਾਲੇ ਸਰਹੱਦੀ ਇਲਾਕੇ ਦੇ ਛੇ ਪਿੰਡ ਗੋਦ ਲਏ ਹਨ। ਇੱਥੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ।
ਇਸ ਇਲਾਕੇ ਦੇ ਪਿੰਡ ਧੈਂਗੜਪੁਰ ਵਿੱਚ ਸਤਲੁਜ ਦਰਿਆ ’ਚ ਪਏ ਪਾੜ ਪੂਰਨ ਲਈ ਸੇਵਾ ਕਰਨ ਵਾਲੇ ਬਖਤਾਬਰ ਸਿੰਘ, ਦਵਿੰਦਰ ਕੌਰ, ਦਲਵੀਰ ਕੌਰ ਤੇ ਬਚਿੰਤ ਸਿੰਘ ਨੇ ਕਿਹਾ ਕਿ ਪੰਜਾਬੀ ਵਿਰਸਾ ਕੁਰਬਾਨੀ ਅਤੇ ਸੇਵਾ ਭਾਵਨਾ ਵਿੱਚ ਲਬਰੇਜ ਹੈ।