ਦਿੱਲੀ ਵਾਲਿਆਂ ਤੋਂ ਜ਼ਮੀਨਾਂ ਬਚਾਉਣ ਲਈ ਪੰਜਾਬੀ ਇਕਜੁੱਟ ਹੋਣ: ਗੜਗੱਜ
ਗੁਰਿੰਦਰ ਸਿੰਘ
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਜ਼ਮੀਨ ਨਾਲ ਜੁੜ ਕੇ ਰਹਿਣ ਅਤੇ ਪੰਜਾਬ ਦੀ ਜ਼ਮੀਨ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਲਈ ਇੱਕਜੁਟ ਹੋਣ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿੱਲੀ ਦਰਬਾਰ ਦੇ ਇਸ਼ਾਰਿਆਂ ’ਤੇ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੀ ਜ਼ਮੀਨ ਹੜੱਪਣ ਦੇ ਮਨਸੂਬੇ ਘੜੇ ਜਾ ਰਹੇ ਹਨ ਜਿਨ੍ਹਾਂ ਖ਼ਿਲਾਫ਼ ਇਕਜੁੱਟ ਹੋ ਕੇ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਖੇਤੀਬਾੜੀ ਨਾਲ ਸਬੰਧਤ ਰੁਜ਼ਗਾਰ ਨਾਲ ਜੁੜ ਕੇ ਰਹਿਣ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ, ਸਿੱਖੀ ਸਿਧਾਂਤਾਂ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਣ ਦੀ ਪ੍ਰੇਰਨਾ ਦਿੱਤੀ।
ਉਨ੍ਹਾਂ ਪੰਜਾਬ ’ਚ ਆਬਾਦੀ ਦੇ ਵਿਗੜ ਰਹੇ ਤਵਾਜ਼ਨ ’ਤੇ ਚਿੰਤਾ ਪ੍ਰਗਟ ਕਰਦਿਆਂ ਸੰਗਤ ਨੂੰ ਸੁਚੇਤ ਕੀਤਾ। ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਸੁਖਵਿੰਦਰ ਕੌਰ ਸੋਖੀ ਦੀ ਦੇਖ-ਰੇਖ ਹੇਠ ਧਰਮ ਪ੍ਰਚਾਰ ਦੇ ਪ੍ਰੋਗਰਾਮ ‘ਖੁਆਰ ਹੋਏ ਸਭ ਮਿਲੈਂਗੇ’ ਦੀ ਲੜੀ ਤਹਿਤ ਇਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਕੁਲਦੀਪ ਸਿੰਘ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ, ਜਗਬੀਰ ਸਿੰਘ ਸੌਖੀ, ਮੈਨੇਜਰ ਹਰਦੀਪ ਸਿੰਘ, ਅਮਰੀਕ ਸਿੰਘ ਜੈਮਲ, ਚਰਨਜੀਤ ਸਿੰਘ ਵਿਸ਼ਕਰਮਾ, ਭਾਈ ਸੁਰਜੀਤ ਸਿੰਘ, ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ ਸੋਮਾ, ਜਗਮੀਤ ਸਿੰਘ ਨੋਨੀ ਕੌਂਸਲਰ ਤੇ ਹੋਰ ਹਾਜ਼ਰ ਸਨ।