ਮੀਲਵਾਂ ਦੇ ਹੋਟਲ ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ
ਜਗਜੀਤ ਸਿੰਘ
ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਪੈਂਦੇ ਕਸਬਾ ਮੀਲਵਾਂ ਦੇ ਹੋਟਲ ਵਿੱਚ ਪੰਜਾਬ ਦੇ ਮਾਨਸਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਉਹ ਇਥੋਂ ਦੇ ਨਿੱਜੀ ਹੋਟਲ ਦੇ ਕਮਰੇ ਵਿੱਚ ਆਪਣੇ ਦੋਸਤਾਂ ਸਣੇ ਰੁਕਿਆ ਸੀ। ਰੋਹ ’ਚ ਆਏ ਪਰਿਵਾਰਕ ਮੈਂਬਰਾਂ ਵੱਲੋਂ ਮਾਨਸਰ ਦੇ ਸਰਪੰਚ ਅਨਿਲ ਕੁਮਾਰ ਦੀ ਅਗਵਾਈ ਵਿੱਚ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਚਿਨ ਕੁਮਾਰ (26) ਵਜੋਂ ਹੋਈ ਹੈ। ਉਹ ਮੀਲਵਾਂ ਦੇ ਹੋਟਲ ਵਿੱਚ ਆਪਣੇ ਦੋਸਤਾਂ ਸਣੇ ਰੁਕਿਆ ਹੋਇਆ ਸੀ। ਬੀਤੀ ਰਾਤ ਉਹ ਚੰਡੀਗੜ੍ਹ ਤੋਂ ਸਿੱਧਾ ਇਸ ਹੋਟਲ ਵਿੱਚ ਆਇਆ ਸੀ। ਪਰਿਵਾਰ ਮੁਤਾਬਕ ਜਦੋਂ ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ’ਤੇ ਉਹ ਹੋਟਲ ਪਹੁੰਚੇ ਤਾਂ ਲਾਸ਼ ਕੋਲ ਨਸ਼ੀਲੇ ਪਦਾਰਥ ਦੀ ਵਰਤੋਂ ਦਾ ਸਾਮਾਨ ਵੀ ਪਿਆ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੀਲਵਾਂ ਕਸਬੇ ਦੇ ਜ਼ਿਆਦਾਤਰ ਹੋਟਲ ਨਸ਼ੇ ਲਈ ਬਦਨਾਮ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਚਿਨ ਦੀ ਮੌਤ ਚਿੱਟੇ ਕਾਰਨ ਹੋਈ ਹੈ। ਦੂਜੇ ਪਾਸੇ ਹਿਮਾਚਲ ਪੁਲੀਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਮ੍ਰਿਤਕ ਦੇ ਪਿਤਾ ਸੁਦਰਸ਼ਨ ਕੁਮਾਰ ਨੇ ਦੋਸ਼ ਲਗਾਇਆ ਕਿ ਹਿਮਾਚਲ ਦਾ ਕਸਬਾ ਮੀਲਵਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਬਦਨਾਮ ਹੈ। ਇਥੇ ਪਹਿਲਾਂ ਵੀ ਕਈ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਇੱਥੋਂ ਪੰਜਾਬ ਨੂੰ ਲਗਾਤਾਰ ਨਸ਼ਾ ਸਪਲਾਈ ਹੁੰਦਾ ਹੈ ਪਰ ਪ੍ਰਸ਼ਾਸਨ ਇਸ ਪਾਸੇ ਗੰਭੀਰਤਾ ਨਹੀਂ ਦਿਖਾ ਰਿਹਾ।
ਮਾਨਸਰ ਦੇ ਸਰਪੰਚ ਅਨਿਲ ਠਾਕੁਰ ਅਤੇ ਮ੍ਰਿਤਕ ਦੇ ਪਿਤਾ ਸੁਦਰਸ਼ਨ ਕੁਮਾਰ ਨੇ ਹੋਟਲ ਮਾਲਕਾਂ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡੀਐੱਸਪੀ ਇੰਦੋਰਾ ਸੰਜੀਵ ਯਾਦਵ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।