ਪੰਜਾਬੀ ਬੋਲਣ ਵਾਲਿਆਂ ਦੇ ਰਹਿਣ ਤੱਕ ਪੰਜਾਬੀ ਜ਼ਿੰਦਾ ਰਹੇਗੀ: ਜ਼ਫਰ
ਸਤਵਿੰਦਰ ਬਸਰਾ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦਾ ਦੂਜਾ ਦਿਨ ਸ਼ਾਇਰੀ ਨੂੰ ਸਮਰਪਿਤ ਰਿਹਾ। ਪ੍ਰਧਾਨਗੀ ਮੰਡਲ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਾਬ ਖ਼ਾਲਿਦ ਹੁਸੈਨ, ਅਮਰਜੀਤ ਸਿੰਘ ਗਰੇਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਹੋਏ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਬੋਲਣ ਵਾਲੇ ਹਨ, ਓਨਾ ਚਿਰ ਪੰਜਾਬੀ ਜ਼ਿੰਦਾ ਰਹੇਗੀ। ਪ੍ਰਧਾਨਗੀ ਭਾਸ਼ਨ ’ਚ ਸ੍ਰੀ ਜ਼ਫਰ ਨੇ ਕਿਹਾ, ‘‘ਪੰਜਾਬੀ ਦਾ ਗੀਤਾਂ ਨਾਲ ਗੂੜ੍ਹਾ ਸਬੰਧ ਹੈ, ਪਰ ਬਾਜ਼ਾਰੀਕਰਨ ਕਰਕੇ ਅਸੀਂ ਗੀਤਾਂ ਨਾਲੋਂ ਵਿਛੜ ਰਹੇ ਹਾਂ।’’ ਮੁੱਖ ਮਹਿਮਾਨ ਵਜੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਚੰਗਾ ਲੱਗਾ। ਸ਼ਬਦ ਨੂੰ ਸ਼ੁੱਧ ਬੋਲਣਾ ਬਹੁਤ ਜ਼ਰੂਰੀ ਹੈ।
‘ਪੰਜਾਬ ਅਤੇ ਪਰਵਾਸ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਰਾਸ਼ਟਰਵਾਦ ਪਰਵਾਸ ਨੂੰ ਰੋਕ ਦਿੰਦਾ ਹੈ। ਅਮਰੀਕਾ ਦੇ ਵਿਕਾਸ ਵਿੱਚ ਪਰਵਾਸੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਵਿਦੇਸ਼ਾਂ ’ਚ ਪੱਕੇ ਤੌਰ ’ਤੇ ਨਾ ਟਿਕਣ ਵਾਲੇ ਪਰਵਾਸੀ ਜਦੋਂ ਵਤਨ ਪਰਤਣਗੇ ਤਾਂ ਪੰਜਾਬ ਲਈ ਇੱਕ ਵੰਗਾਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਛੋਟੀਆਂ ਲੜਾਈਆਂ ’ਚ ਉਲਝਾਇਆ ਜਾ ਰਿਹਾ ਹੈ, ਇਹ ਲੜਾਈ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਜਾਂ ਚੰਡੀਗੜ੍ਹ ਦੀ ਹੋਂਦ ਦੀ ਹੋਵੇ। ਵਿਸ਼ੇਸ਼ ਮਹਿਮਾਨ ਜਨਾਬ ਖ਼ਾਲਿਦ ਹੁਸੈਨ ਨੇ ਕਿਹਾ ਪੰਜਾਬੀ ਜ਼ਿੰਦਾ ਜ਼ੁਬਾਨ ਹੈ ਤੇ ਜ਼ਿੰਦਾ ਰਹੇਗੀ।
ਦੂਜੇ ਸੈਸ਼ਨ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਸਮਾਗਮ ’ਚ ਸ਼ਾਮਲ ਹੋਏ। ਉਨ੍ਹਾਂ ਆਪਣੇ ਐੱਮ ਪੀ ਲੈਡ ਫੰਡ ਵਿਚੋਂ ਅਕਾਦਮੀ ਨੂੰ 15 ਲੱਖ ਰੁਪਏ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਤੇ ਇੰਨੀ ਹੀ ਰਕਮ ਲੁਧਿਆਣਾ ਨਾਲ ਸਬੰਧਤ ਸੰਸਦ ਮੈਂਬਰ ਤੋਂ ਦਿਵਾਉਣ ਦਾ ਵਾਅਦਾ ਕੀਤਾ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਡਾ. ਗਾਂਧੀ, ਰਾਜਨੀਤੀ ਨੂੰ ਪੁਸਤਕਾਂ ਦੀ ਦਿਸ਼ਾ ਵਿੱਚ ਤੋਰ ਰਹੇ ਹਨ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਡਾ. ਧਰਮਵੀਰ ਗਾਂਧੀ ਵੱਲੋਂ ਪੰਜਾਬ ਵਿੱਚ ਮੁੱਢਲੇ ਪੱਧਰ ’ਤੇ ਕੀਤੇ ਜਾਂਦੇ ਕੰਮਾਂ ਦਾ ਜ਼ਿਕਰ ਕੀਤਾ। ਕਵੀ ਦਰਬਾਰ ’ਚ ਧਰਮ ਕੰਮੇਆਣਾ, ਤ੍ਰੈਲੋਚਨ ਲੋਚੀ, ਜਗਸੀਰ ਜੀਦਾ, ਸ਼ਬਦੀਸ਼, ਦਲਜਿੰਦਰ ਰੀਹਲ, ਗੁਰਜੰਟ ਰਾਜੇਆਣਾ, ਕੁਲਵਿੰਦਰ ਕੁੱਲਾ, ਗੁਰਸੇਵਕ ਲੰਬੀ, ਗੁਰਚਰਨ ਪੱਬਾਰਾਲੀ ਤੇ ਹੋਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪ੍ਰੋਗਰਾਮ ਦੇ ਕਨਵੀਨਰ ਡਾ. ਹਰੀ ਸਿੰਘ ਜਾਚਕ ਸਨ ਤੇ ਮੰਚ ਸੰਚਾਲਨ ਜਸਵੀਰ ਝੱਜ ਨੇ ਕੀਤਾ। ਸ਼ਾਮ ਦੇ ਸੈਸ਼ਨ ਵਿਚ ਨਾਟਕ ‘ਇੱਕ ਸੀ ਜਲਪਰੀ’ ਖੇਡਿਆ ਗਿਆ। ਮੇਲੇ ’ਚ ਪੁਸਤਕਾਂ ਦੇ ਲਗਪਗ 40 ਸਟਾਲ ਲੱਗੇ ਹੋਏ ਹਨ।
