ਓਮਾਨ ’ਚ ਫਸੀ ਪੰਜਾਬੀ ਕੁੜੀ ਘਰ ਪਰਤੀ
ਹਤਿੰਦਰ ਮਹਿਤਾ
ਘਰ ਦੇ ਹਾਲਾਤ ਬਦਲਣ ਦੇ ਸੁਪਨੇ ਲੈ ਕੇ ਆਪਣੀ ਸਹੇਲੀ ਦੇ ਕਹਿਣ ’ਤੇ ਓਮਾਨ ਗਈ ਇੱਥੋਂ ਦੀ ਕੁੜੀ ਲਈ ਵਿਦੇਸ਼ ਜਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਦਾਈ ਤਜਰਬਾ ਸਾਬਤ ਹੋਇਆ ਹੈ। ਮਸਕਟ (ਓਮਾਨ) ’ਚੋਂ ਮੁਸ਼ਕਲ ਨਾਲ ਪਰਤੀ ਇਸ ਪੀੜਤਾ ਨੇ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਤੋਂ ਮੁੰਬਈ ਰਾਹੀਂ ਮਸਕਟ ਪਹੁੰਚੀ ਸੀ। ਉਸ ਨੂੰ ਦਸ ਤੋਂ ਵੱਧ ਹੋਰ ਭਾਰਤੀ ਕੁੜੀਆਂ ਸਣੇ ਰੱਖਿਆ ਗਿਆ ਸੀ। ਉਸ ਤੋਂ ਹਰ ਰੋਜ਼ ਬਾਰ੍ਹਾਂ ਘੰਟੇ ਕੰਮ ਕਰਵਾਇਆ ਜਾਂਦਾ ਸੀ। ਥੋੜ੍ਹੀ ਜਿਹੀ ਗ਼ਲਤੀ ’ਤੇ ਕੁੱਟਮਾਰ ਕੀਤੀ ਜਾਂਦੀ ਸੀ। ਖਾਣ ਲਈ ਢੰਗ ਦਾ ਭੋਜਨ ਵੀ ਨਸੀਬ ਨਹੀਂ ਸੀ ਹੁੰਦਾ। ਕਾਫ਼ੀ ਦਿਨ ਉਸ ਨੇ ਪਾਣੀ ਪੀ ਕੇ ਗੁਜ਼ਾਰਾ ਕੀਤਾ। ਪੰਜ ਮਹੀਨੇ ਮਾੜੀ ਹਾਲਤ ’ਚ ਜ਼ਿੰਦਗੀ ਬਤੀਤ ਕਰ ਕੇ ਵਾਪਸ ਆਈ ਪੀੜਤਾ ਨੇ ਓਮਾਨ ’ਚ ਚੱਲ ਰਹੀ ਮਨੁੱਖੀ ਤਸਕਰੀ ਬਾਰੇ ਕਈ ਖ਼ੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਕੁਝ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਇਨਕਾਰ ਕਰਨ ’ਤੇ ਉਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਕਈ ਵਾਰ ਤਾਂ ਕੁੱਟਮਾਰ ਕਰ ਕੇ ਅੱਧਮਰੀ ਹਾਲਤ ਵਿੱਚ ਸੁੱਟ ਦਿੱਤਾ ਜਾਂਦਾ ਸੀ। ਉਸ ਦਾ ਪਾਸਪੋਰਟ ਤੇ ਮੋਬਾਈਲ ਵੀ ਉੱਥੇ ਪਹੁੰਚਦਿਆਂ ਹੀ ਖੋਹ ਲਿਆ ਗਿਆ ਸੀ। ਉਸ ਦੀ ਮਾਤਾ ਵੱਲੋਂ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਮਾਮਲੇ ਨੂੰ ਉੱਥੇ ਪਹੁੰਚਾਇਆ। ਸੀਚੇਵਾਲ ਤੇ ਵਿਦੇਸ਼ ਮੰਤਰਾਲੇ ਦੇ ਯਤਨਾਂ ਅਤੇ ਓਮਾਨ ਵਿੱਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਇਹ ਲੜਕੀ ਸੁਰੱਖਿਅਤ ਘਰ ਪਰਤੀ ਹੈ।