ਜੈਸਮੀਨ ਸ਼ਾਹ ਦੀ ਪੁਸਤਕ ‘ਕੇਜਰੀਵਾਲ ਮਾਡਲ’ ਦਾ ਪੰਜਾਬੀ ਐਡੀਸ਼ਨ ਰਿਲੀਜ਼
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 8 ਜੁਲਾਈ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਮੁਹਾਲੀ ਦੇ ਕਾਲਕਟ ਭਵਨ ਵਿੱਚ ਪੁਸਤਕ ‘ਕੇਜਰੀਵਾਲ ਮਾਡਲ’ ਰਿਲੀਜ਼ ਕੀਤੀ। ਇਸ ਮੌਕੇ ਪੁਸਤਕ ਦੇ ਲੇਖਕ ਜੈਸਮੀਨ ਸ਼ਾਹ ਅਤੇ ਪੁਸਤਕ ਦੇ ਪ੍ਰਕਾਸ਼ਕ ਯੂਨੀਸਟਾਰ ਬੁੱਕਸ ਦੇ ਹਰੀਸ਼ ਜੈਨ ਤੇ ਰੋਹਿਤ ਜੈਨ ਵੀ ਮੌਜੂਦ ਸਨ। ਮੰਚ ਸੰਚਾਲਨ ‘ਆਪ’ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਕੀਤਾ।
ਪੁਸਤਕ ਲੇਖਕ ਜੈਸਮੀਨ ਸ਼ਾਹ ਨੇ ਇਸ ਨੂੰ ਦਸਤਾਵੇਜ਼ੀ ਰੂਪ ਦੇਣ ਪਿੱਛੇ ਆਪਣੀ ਪ੍ਰੇਰਣਾ ਬਾਰੇ ਦੱਸਿਆ, ਜੋ ਇੱਕ ਅਜਿਹਾ ਸ਼ਾਸਨ ਦਾ ਢਾਂਚਾ ਹੈ ਜਿਸ ਨੇ ਭਾਰਤ ਵਿੱਚ ਰਾਜਨੀਤੀ ਅਤੇ ਪ੍ਰਸ਼ਾਸਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇੱਕ ਵਿਲੱਖਣ ਮਾਡਲ ਨੂੰ ਆਕਾਰ ਲੈਂਦੇ ਦੇਖਿਆ ਹੈ - ਇੱਕ ਅਜਿਹਾ ਮਾਡਲ ਜੋ ਵਿਸ਼ਵ ਪੱਧਰੀ ਸਰਕਾਰੀ ਸਕੂਲਾਂ, ਉੱਤਮਤਾ ਵਾਲੇ ਸਕੂਲਾਂ, ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸੰਭਾਲ, ਮੁਫ਼ਤ ਬਿਜਲੀ ਅਤੇ ਭ੍ਰਿਸ਼ਟਾਚਾਰ-ਮੁਕਤ ਵਾਤਾਵਰਣ ’ਤੇ ਕੇਂਦ੍ਰਿਤ ਹੈ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਇਹ ਮਾਡਲ ਇੱਕ ਦਹਾਕੇ ਤੱਕ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਅਤੇ ਕੰਮ ਕਰਨ ਦੌਰਾਨ ਤਜਰਬਿਆਂ ਤੋਂ ਪ੍ਰਾਪਤ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਭਾਰਤੀ ਰਾਜਨੀਤੀ ਤੋਂ ਨਫ਼ਰਤ, ਜਾਤ ਅਤੇ ਧਰਮ ਦੀ ਰਾਜਨੀਤੀ ਨੂੰ ਵਿਕਾਸ ਦੀ ਰਾਜਨੀਤੀ ਨਾਲ ਬਦਲਣ ਲਈ ਪ੍ਰਸੰਸਾ ਕੀਤੀ। ਉਨ੍ਹਾਂ ਜੈਸਮੀਨ ਸ਼ਾਹ ਨੂੰ ਕੇਜਰੀਵਾਲ ਮਾਡਲ ਨੂੰ ਪੰਜਾਬੀ ਵਿੱਚ ਪ੍ਰਕਾਸ਼ਿਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਮਨੀਸ਼ ਸਿਸੋਦੀਆ ਨੇ ਕੇਜਰੀਵਾਲ ਨੂੰ ਆਪਣਾ ਕਰੀਬੀ ਦੋਸਤ ਅਤੇ ਰਾਜਸੀ ਗੁਰੂ ਦੱਸਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁੱਲਰ, ਤਰੁਣਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਡਾ. ਬਲਬੀਰ ਸਿੰਘ, ਡਾ. ਰਵਜੋਤ, ਲਾਲ ਚੰਦ ਕਟਾਰੂਚੱਕ, ਬਰਿੰਦਰ ਕੁਮਾਰ ਗੋਇਲ, ਮੋਹਿੰਦਰ ਭਗਤ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੁਲਵੰਤ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।