ਜੀ ਐੱਸ ਟੀ ਦੀਆਂ ਨਵੀਂ ਦਰਾਂ ਕਾਰਨ ਪੰਜਾਬ ਨੂੰ ਪਵੇਗਾ ਘਾਟਾ
ਗ਼ੌਰਤਲਬ ਹੈ ਕਿ ਵਿੱਤ ਵਰ੍ਹੇ 2017 ਵਿੱਚ ਦੇਸ਼ ਵਿੱਚ ਜੀ ਐੱਸ ਟੀ ਲਾਗੂ ਕੀਤਾ ਗਿਆ ਸੀ। ਜੀ ਐੱਸ ਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਕਈ ਵਾਰ ਮਾਲੀਆ ਇਕੱਠਾ ਕਰਨ ਵਿੱਚ ਉਤਾਰ-ਚੜ੍ਹਾਅ ਦੇਖਣੇ ਪਏ ਹਨ। ਸਾਲ 2017-18 ਵਿੱਚ ਪੰਜਾਬ ਨੇ ਜੀ ਐੱਸ ਟੀ ਰਾਹੀਂ 7900 ਕਰੋੜ ਰੁਪਏ ਇਕੱਠੇ ਕੀਤੇ ਸਨ। ਸਾਲ 2018-19 ਵਿੱਚ 13,575 ਕਰੋੜ, ਸਾਲ 2019-20 ਵਿੱਚ 13,300 ਕਰੋੜ, ਸਾਲ 2020-21 ਵਿੱਚ 12,664 ਕਰੋੜ, ਸਾਲ 2021-22 ਵਿੱਚ 15,603 ਕਰੋੜ, 2022-23 ਵਿੱਚ 18,139 ਕਰੋੜ, ਸਾਲ 2023-24 ਵਿੱਚ 20,952 ਕਰੋੜ ਅਤੇ ਸਾਲ 2024-25 ਵਿੱਚ 23,642 ਕਰੋੜ ਰੁਪਏ ਇਕੱਠੇ ਹੋਏ ਸਨ। ਮੌਜੂਦਾ ਵਿੱਤ ਵਰ੍ਹੇ ਦੇ ਪਹਿਲੇ ਪੰਜ ਮਹੀਨੇ ਵਿੱਚ 11,338 ਕਰੋੜ ਰੁਪਏ ਜੀ ਐੱਸ ਟੀ ਰਾਹੀਂ ਮਾਲੀਆ ਇਕੱਠਾ ਕੀਤਾ ਹੈ।
ਸੂਬਿਆਂ ਲਈ ਜੀ ਐੱਸ ਟੀ ਮੁਆਵਜ਼ਾ ਜਾਰੀ ਰੱਖੇ ਕੇਂਦਰ: ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਨੂੰ ਰਾਜਾਂ ਲਈ ਜੀ ਐੱਸ ਟੀ ਮੁਆਵਜ਼ਾ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2017 ਵਿੱਚ ਜੀ ਐੱਸ ਟੀ ਪ੍ਰਣਾਲੀ ਲਾਗੂ ਕਰਨ ਸਮੇਂ ਸਾਰੇ ਸੂਬਿਆਂ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਆਰਥਿਕਤਾ ਸਥਿਰ ਨਹੀਂ ਹੁੰਦੀ, ਕੇਂਦਰ ਸਰਕਾਰ ਮਾਲੀਏ ਦੇ ਕਿਸੇ ਵੀ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਰਾਜਾਂ ਦੀ ਆਰਥਿਕਤਾ ਅਜੇ ਵੀ ਸਥਿਰ ਨਹੀਂ ਹੈ ਅਤੇ ਤਾਜ਼ਾ ਜੀ ਐੱਸ ਟੀ ਦਰਾਂ ਵਿੱਚ ਕਟੌਤੀ ਨਾਲ ਉਨ੍ਹਾਂ ’ਤੇ ਹੋਰ ਬੁਰਾ ਅਸਰ ਪਵੇਗਾ।