ਮੁਲਕ ਦੇ ਅਗਲੇ ਵਪਾਰਕ ਗੜ੍ਹ ਵਜੋਂ ਉਭਰੇਗਾ ਪੰਜਾਬ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਘਨੌਰ ਦੇ ਪਿੰਡ ਚਮਾਰੂ ਵਿੱਚ ਹਾਲੈਂਡ ਆਧਾਰਤ ਬਹੁ-ਕੌਮੀ ਕੰਪਨੀ ਡੀ ਹਿਊਜ਼ ਦੇ ਪਸ਼ੂ ਫੀਡ ਪਲਾਂਟ ਦੇ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਸਨਅਤ-ਪੱਖੀ ਤੇ ਕਾਰੋਬਾਰ ਲਈ ਅਨੁਕੂਲ ਮਾਹੌਲ ਕਾਰਨ ਸੂਬਾ ਮੁਲਕ ਦੇ ਅਗਲੇ ਵਪਾਰਕ ਗੜ੍ਹ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਨਅਤੀ ਤਰੱਕੀ ਨੂੰ ਹੁਲਾਰਾ ਦੇਣ ਲਈ ਕਾਰੋਬਾਰ ਵਿੱਚ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਨਅਤੀ ਤਰੱਕੀ ਅਸਲ ਵਿੱਚ ਆਲਮੀ ਮੁਹਾਂਦਰਾ ਰੱਖਦੀ ਹੈ ਕਿਉਂਕਿ ਸੂਬੇ ਦੀਆਂ ਸੰਭਾਵਨਾਵਾਂ ਨੂੰ ਪਛਾਣਦਿਆਂ ਵਿਸ਼ਵ ਦੇ ਕਈ ਨਿਵੇਸ਼ਕ ਪੰਜਾਬ ਵੱਲ ਰੁਖ਼ ਕਰ ਰਹੇ ਹਨ। ਇਸ ਕੜੀ ਵਜੋਂ ਹੀ ਪੰਜਾਬ ਨੂੰ ਹੁਣ ਤੱਕ 1.23 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ ਜਿਸ ਨਾਲ ਨੌਕਰੀਆਂ ਦੇ 4.7 ਲੱਖ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਡੀ ਹਿਊਜ਼ ਕੰਪਨੀ ਨੇ ਪੰਜਾਬ ਵਿੱਚ 150 ਕਰੋੜ ਦਾ ਨਿਵੇਸ਼ ਕੀਤਾ ਹੈ ਤੇ ਹੋਰ ਕੰਪਨੀਆਂ ਵੀ ਪੰਜਾਬ ਨੂੰ ਨਿਵੇਸ਼ ਲਈ ਚੁਣਨਗੀਆਂ। ਸ੍ਰੀ ਮਾਨ ਨੇ ਦੱਸਿਆ ਕਿ ਇਸ ਪਲਾਂਟ ਦੀ ਸਮਰੱਥਾ 180 ਕਿਲੋ ਟਨ ਦੀ ਹੈ ਜਿਸ ਨੂੰ 240 ਕਿਲੋ ਟਨ ਤੱਕ ਵਧਾਇਆ ਜਾ ਸਕਦਾ ਹੈ ਕਿਉਂਕਿ ਕੰਪਨੀ ਦੀ ਆਲਮੀ ਪੱਧਰ ’ਤੇ ਪਸ਼ੂਆਂ ਦੀ ਫੀਡ ਬਣਾਉਣ ਦੀ ਕੁੱਲ ਸਮਰੱਥਾ 120 ਲੱਖ ਟਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਟਾਟਾ ਸਟੀਲ ਤੋਂ ਬਾਅਦ ਇਹ ਦੂਜਾ ਵੱਡਾ ਨਿਵੇਸ਼ ਹੈ। ਇਸ ਤੋਂ ਇਲਾਵਾ ਵਰਬਿਓ, ਜੇ ਐੱਸ ਡਬਲਿਊ ਪਲਾਂਟ, ਕਾਰਗਿਲ, ਵਰਧਮਾਨ ਤੇ ਓਸਵਾਲ ਨੇ ਵੀ ਸੂਬੇ ਵਿੱਚ ਨਿਵੇਸ਼ ਕੀਤਾ ਹੈ। ਆਪਣੀ ਹਾਲੈਂਡ ਫੇਰੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਹਾਲੈਂਡ ਤੇ ਪੰਜਾਬ ਦੇ ਸੱਭਿਆਚਾਰ ਵਿੱਚ ਕਈ ਸਮਾਨਤਾਵਾਂ ਹਨ। ਭਾਰਤ ਦੇ ਕੌਮੀ ਪੂਲ ਵਿੱਚ 180 ਲੱਖ ਟਨ ਝੋਨਾ ਅਤੇ 125 ਲੱਖ ਟਨ ਕਣਕ ਦਾ ਯੋਗਦਾਨ ਪਾਉਣ ਕਾਰਨ ਪੰਜਾਬ ਨੂੰ ਭਾਰਤ ਦਾ ਅਨਾਜ ਭੰਡਾਰ ਕਿਹਾ ਜਾਂਦਾ ਹੈ। ਇਸ ਮੌਕੇ ਸਬੰਧਤ ਕੰਪਨੀ ਦੇ ਚੇਅਰਮੈਨ ਕੇ ਡੀ ਹਿਊਸ ਤੇ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਰਹੇ।
ਪੰਜਾਬੀ ਬਹਾਦਰ ਅਤੇ ਹਾਰ ਨਾ ਮੰਨਣ ਵਾਲੇ: ਜੇਰਾਰਡਜ਼
ਨੈਦਰਲੈਂਡਜ਼ ਦੇ ਰਾਜਦੂਤ ਐੱਚ ਈ ਮਾਰੀਸਾ ਜੇਰਾਰਡਜ਼ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਤੇ ਮਿਹਨਤੀ ਹਨ ਤੇ ਹਾਰ ਮੰਨਣ ਵਾਲੇ ਨਹੀਂ ਹਨ। ਇਹੀ ਕਾਰਨ ਹੈ ਕਿ ਹੜ੍ਹਾਂ ਦੀ ਕਹਿਰ ਦੌਰਾਨ ਹੋਏ ਭਾਰੀ ਨੁਕਸਾਨ ਦੇ ਚੱਲਦਿਆਂ ਪੰਜਾਬ ਅਜੇ ਵੀ ਖੁਸ਼ਹਾਲ ਹੈ। ਇਸੇ ਤਰ੍ਹਾਂ ਹੀ ਨੈਦਰਲੈਂਡਜ਼ ਦੇ ਲੋਕਾਂ ਨੇ ਵੀ ਸੋਕੇ ਅਤੇ ਅਕਾਲ ਦਾ ਸਾਹਮਣਾ ਕੀਤਾ ਪਰ ਉਹ ਅਜੇ ਵੀ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਤਰਕ ਦਿੱਤਾ ਕਿ ਜਿੱਥੇ ਕਿਸਾਨ ਹਨ, ਉੱਥੇ ਕੋਈ ਵੀ ਭੁੱਖਾ ਨਹੀਂ ਸੌਂਦਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕੁਝ ਲੋਕਾਂ ਨੇ ਕਿਹਾ ਕਿ ਨੈਦਰਲੈਂਡਜ਼ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਭੋਜਨ ਉਤਪਾਦਕ ਹੈ।