Punjab rail boost: ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ, ਮੁਹਾਲੀ ਰਾਜਪੁਰਾ ਲਿੰਕ ਜਲਦੀ
ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਰਾਜ ਪੰਜਾਬ ਲਈ ਤੋਹਫ਼ੇ ਵਜੋਂ ਦੋ ਵੱਡੇ ਰੇਲ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਉਨ੍ਹਾਂ ਦੇ ਡਿਪਟੀ ਰਵਨੀਤ ਸਿੰਘ ਬਿੱਟੂ ਨੇ ਮੁਹਾਲੀ-ਰਾਜਪੁਰਾ ਰੇਲ ਲਿੰਕ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਮੰਗ ਪਿਛਲੇ 50 ਸਾਲਾਂ ਤੋਂ ਕੀਤੀ ਜਾ ਰਹੀ ਸੀ।
ਕੇਂਦਰੀ ਮੰਤਰੀਆਂ ਨੇ ਫਿਰੋਜ਼ਪੁਰ-ਨਵੀਂ ਦਿੱਲੀ ਵੰਦੇ ਭਾਰਤ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਟਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਭਰ ਚੱਲੇਗੀ। ਮੁਹਾਲੀ ਰਾਜਪੁਰਾ ਲਿੰਕ ਚੰਡੀਗੜ੍ਹ ਨੂੰ ਮਾਲਵਾ ਖੇਤਰ- ਰਾਜਪੁਰਾ, ਪਟਿਆਲਾ, ਸੰਗਰੂਰ ਸਮੇਤ ਹੋਰਾਂ ਨਾਲ ਜੋੜੇਗਾ। ਫਿਰੋਜ਼ਪੁਰ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਪੂਰੇ ਮਾਲਵਾ ਨੂੰ ਦਿੱਲੀ ਨਾਲ ਜੋੜੇਗੀ। ਇਹ ਵੰਦੇ ਭਾਰਤ ਫਿਰੋਜ਼ਪੁਰ ਤੋਂ ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਨਵੀਂ ਦਿੱਲੀ ਤੱਕ ਚੱਲੇਗੀ।
ਵੈਸ਼ਨਵ ਨੇ ਕਿਹਾ ਕਿ ਸਿਧਾਂਤਕ ਤੌਰ ’ਤੇ ਮਨਜ਼ੂਰ ਕੀਤੇ ਗਏ ਪ੍ਰਸਤਾਵਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਮੁਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕੁਆਇਰ ਕਰਕੇ ਕੇਂਦਰ ਨੂੰ ਦੇਵੇਗੀ। ਵੈਸ਼ਨਵ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਹੋਰ ਪ੍ਰਾਜੈਕਟਾਂ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਕੰਮ 2026-27 ਤੱਕ ਪੂਰਾ ਹੋ ਜਾਵੇਗਾ।