Punjab Police Update: ਅੱਠ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲੀਸ ਕਪਤਾਨ ਬਦਲੇ
ਚੰਡੀਗੜ੍ਹ, 21 ਫਰਵਰੀ
ਪੰਜਾਬ ਸਰਕਾਰ ਨੇ ਅੱਜ ਪ੍ਰਸ਼ਾਸਕੀ ਫੇਰ ਬਦਲ ਕਰਦਿਆਂ ਅੱਠ ਜ਼ਿਲ੍ਹਿਆਂ ਦੇ ਜ਼ਿਲ੍ਹਾ ਪੁਲੀਸ ਕਪਤਾਨਾਂ ਦਾ ਤਬਾਦਲਾ ਕਰ ਦਿੱਤਾ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐੱਸ ਪਤਨੀ ਡਾ. ਜਯੋਤੀ ਯਾਦਵ ਨੂੰ ਐੱਸਐੱਸਪੀ ਖੰਨਾ ਲਾਇਆ ਗਿਆ ਹੈ, ਜੋ ਇਸ ਵੇਲੇ ਮੁਹਾਲੀ ਵਿੱਚ ਐੱਸਪੀ ਵਜੋਂ ਤਾਇਨਾਤ ਸਨ। ਇਸ ਤੋਂ ਇਲਾਵਾ ਧਨਪ੍ਰੀਤ ਕੌਰ ਨੂੰ ਲੁਧਿਆਣਾ ਰੇਂਜ ਤੋਂ ਬਦਲ ਕੇ ਜਲੰਧਰ ਦੀ ਕਮਿਸ਼ਨਰ ਪੁਲੀਸ ਵਜੋਂ ਤਾਇਨਾਤ ਕੀਤਾ ਹੈ। ਨਵੇਂ ਹੁਕਮਾਂ ਵਿੱਚ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਰਹੇ ਵਰਿੰਦਰ ਕੁਮਾਰ ਨੂੰ ਹਾਲੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ।
ਜਲੰਧਰ ਦੇ ਕਮਿਸ਼ਨਰ ਪੁਲੀਸ ਸਵਪਨ ਸ਼ਰਮਾ ਨੂੰ ਬਦਲ ਕੇ ਹੁਣ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਲਾ ਦਿੱਤਾ ਹੈ। ਆਈਪੀਐੱਸ ਅਧਿਕਾਰੀ ਸੁਧਾਂਸ਼ੂ ਸ੍ਰੀਵਾਸਤਵਾ ਨੂੰ ਏਡੀਜੀਪੀ ਸਕਿਉਰਿਟੀ ਦੇ ਨਾਲ ਨਾਲ ਏਡੀਜੀਪੀ ਪ੍ਰੋਵੀਜ਼ਨਿੰਗ ਦਾ ਵਾਧੂ ਚਾਰਜ ਦਿੱਤਾ ਹੈ।
ਨਵੇਂ ਹੁਕਮਾਂ ਅਨੁਸਾਰ ਮੁਹੰਮਦ ਸਰਫ਼ਰਾਜ਼ ਆਲਮ ਨੂੰ ਐੱਸਐੱਸਪੀ ਬਰਨਾਲਾ, ਮਨਿੰਦਰ ਸਿੰਘ ਨੂੰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ, ਅਦਿੱਤਿਆ ਨੂੰ ਐੱਸਐੱਸਪੀ ਗੁਰਦਾਸਪੁਰ, ਸ਼ੁਭਮ ਅਗਰਵਾਲ ਨੂੰ ਐੱਸਐੱਸਪੀ ਫ਼ਤਿਹਗੜ੍ਹ ਸਾਹਿਬ, ਅੰਕੁਰ ਗੁਪਤਾ ਨੂੰ ਐੱਸਐੱਸਪੀ ਲੁਧਿਆਣਾ ਦਿਹਾਤੀ, ਸੰਦੀਪ ਕੁਮਾਰ ਨੂੰ ਐੱਸਐੱਸਪੀ ਹੁਸ਼ਿਆਰਪੁਰ, ਗੁਰਮੀਤ ਚੌਹਾਨ ਨੂੰ ਐੱਸਐੱਸਪੀ ਫ਼ਿਰੋਜ਼ਪੁਰ ਅਤੇ ਅਖਿਲ ਚੌਧਰੀ ਨੂੰ ਐੱਸਐੱਸਪੀ ਮੁਕਤਸਰ ਸਾਹਿਬ ਲਾਇਆ ਗਿਆ ਹੈ।