Punjab Newsਪੰਜਾਬ ’ਚ ਹੁਣ ਤੱਕ ਹੋਈਆਂ ਬੇਅਦਬੀਆਂ ਦੀ ਨਿਆਂਇਕ ਜਾਂਚ ਹੋਵੇ: ਬਾਦਲ
Sukhbir Badal ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜੱਜਾਂ ਦੀ ਨਿਗਰਾਨੀ ਵਿੱਚ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਬੇਅਦਬੀ ਮਾਮਲਿਆਂ ’ਚ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ੍ਰੀ ਬਾਦਲ ਨੇ ਖੁਲਾਸਾ ਕੀਤਾ ਕਿ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੀ ਜਾਂਚ ਪੰਜਾਬ ਸਰਕਾਰ ਕਰਨਾ ਚਾਹੁੰਦੀ ਸੀ ਪਰ ਸੀਬੀਆਈ ਤੋਂ ਜਾਂਚ ਦੀ ਮੰਗ ਉੱਠਣ ’ਤੇ ਇਹ ਮੰਗ ਮੰਨ ਲਈ ਗਈ। ਉਨ੍ਹਾਂ ਕਿਹਾ ਇਸੇ ਕਰਕੇ ਅਜੇ ਤੱਕ ਕੋਈ ਵੀ ਦੋਸ਼ੀ ਫੜਿਆ ਨਹੀਂ ਜਾ ਸਕਿਆ। ਉਨ੍ਹਾਂ ਆਖਿਆ ਕਿ ਸਾਢੇ ਤਿੰਨ ਸਾਲਾਂ ਬਾਅਦ ‘ਆਪ’ ਸਰਕਾਰ ਵੱਲੋਂ ਬੇਅਦਬੀ ਸਬੰਧੀ ਕਾਨੂੰਨ ਲਈ ਲਿਆਂਦਾ ਗਿਆ ਬਿੱਲ ਡਰਾਮੇਬਾਜ਼ੀ ਤੋਂ ਵਧ ਕੇ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਬੇਅਦਬੀ ’ਤੇ ਸਿਆਸਤ ਹਾਲੇ ਤੱਕ ਵੀ ਬੰਦ ਨਹੀਂ ਹੋਈ, ਜਿਸ ਬਾਰੇ ਪੰਜਾਬ ਨੂੰ ਸੋਚਣ ਦੀ ਲੋੜ ਹੈ।
ਸ੍ਰੀ ਬਾਦਲ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ’ਚ ਕਾਂਗਰਸੀ ਆਗੂ ਪਰਗਟ ਸਿੰਘ ਨੇ ਅਤੇ ਇੱਕ ਹੋਰ ਥਾਂ ਸੁਖਵਿੰਦਰ ਸਿੰਘ ਰੰਧਾਵਾ ਨੇ ਸੱਚ ਬਿਆਨ ਕੀਤਾ ਹੈ। ਉਨ੍ਹਾਂ ਦੋਵਾਂ ਆਗੂਆਂ ਤੋਂ ਇਹ ਮੰਗ ਕੀਤੀ ਕਿ ਬੇਅਦਬੀ ਮਾਮਲੇ ’ਚ ਸਿਆਸਤ ਕਰਨ ਵਾਲੇ ਕਾਂਗਰਸੀ ਨੇਤਾਵਾਂ ਦੇ ਨਾਮ ਜਨਤਕ ਕੀਤੇ ਜਾਣ। ਉਨ੍ਹਾਂ ਨਾਲ ਹੀ ਆਖਿਆ ਕਿ ਅਕਾਲ ਤਖ਼ਤ ’ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਨ ਵਾਲੀ ਕਾਂਗਰਸ ਵੀ ਬੇਅਦਬੀ ਲਈ ਖੁਦ ਦੋਸ਼ੀ ਹੈ।
ਉਨ੍ਹਾਂ ਆਖਿਆ ਕਿ ਹੁਣ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਬੇਅਦਬੀਆਂ ਹੋਈਆਂ, ਜੇ ਸਾਫ਼ ਸੁਥਰੇ ਢੰਗ ਨਾਲ ਜਾਂਚ ਕਰਵਾਈ ਜਾਵੇ ਤਾਂ ਸਭ ਪਿੱਛੇ ‘ਆਪ’ ਦਾ ਹੱਥ ਨਿਕਲੇਗਾ। ਉਨ੍ਹਾਂ ਮਾਲੇਰਕੋਟਲਾ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਲਈ ‘ਆਪ’ ਆਗੂ ਨਰੇਸ਼ ਯਾਦਵ ਨੂੰ ਕਥਿਤ ਦੋਸ਼ੀ ਦੱਸਦਿਆਂ ਕਿਹਾ ਕਿ ਹਰਜੋਤ ਸਿੰਘ ਬੈਂਸ ਅਤੇ ਹਰਪਾਲ ਸਿੰਘ ਚੀਮਾ ਵਕੀਲ ਵਜੋਂ ਉਸ ਨੂੰ ਬਚਾਉਣ ਲਈ ਉਸ ਦਾ ਕੇਸ ਲੜਦੇ ਰਹੇ ਹਨ।
ਸ੍ਰੀ ਬਾਦਲ ਨੇ ਅਖੀਰ ’ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਵਰਗੀ ਕੁਤਾਹੀ ਕਦੀ ਨਹੀਂ ਕੀਤੀ ਅਤੇ ਨਾ ਹੀ ਕਰਨ ਬਾਰੇ ਸੋਚ ਸਕਦਾ ਹੈ।