Punjab News: ਗੁਲਾਬੀ ਮਾਰਕੀਟ ’ਚੋਂ ਰੈਡੀਮੇਡ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ
ਚੋਰ ਆਰਾਮ ਨਾਲ ਗੱਡੀ ਸੜਕ ਉਤੇ ਖੜ੍ਹੀ ਕਰ ਕੇ ਦੁਕਾਨ ’ਚੋਂ ਕਰਦੇ ਰਹੇ ਚੋਰੀ; ਸਾਹਮਣੇ ਵਾਲੀ ਕੋਠੀ ਦੇ ਮਾਲਕ ਨੂੰ ਪਤਾ ਲੱਗਣ ਪਿੱਛੋਂ ਗੱਡੀ ਲੈ ਕੇ ਹੋਏ ਫ਼ਰਾਰ; ਪੁਲੀਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਜਾਰੀ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 24 ਜਨਵਰੀ
Punjab News: ਇੱਥੇ ਗੁਲਾਬੀ ਮਾਰਕੀਟ ਵਿੱਚ ਸਥਿਤ ਫੈਸ਼ਨ ਹੱਬ ਨਾਮੀ ਰੈਡੀਮੇਡ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਵੀਰਵਾਰ ਅੱਧੀ ਰਾਤ ਚੋਰੀ ਕਰ ਲਏ ਜਾਣਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰ ਜਿਨ੍ਹਾਂ ਦੀ ਗਿਣਤੀ ਚਾਰ ਸੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਉਹ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿਚ ਅੱਧੀ ਰਾਤ ਨੂੰ ਦੁਕਾਨ ਅੱਗੇ ਪੁੱਜੇ ਸਨ।
ਵਾਰਦਾਤ ਇਰਦ ਗਿਰਦ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਦੁਕਾਨ ਅੱਗੇ ਆਪਣੀ ਗੱਡੀ ਖੜ੍ਹੀ ਕਰਨ ਤੋਂ ਬਾਅਦ ਚੋਰ ਆਰਾਮ ਨਾਲ ਲੋਹੇ ਦੀ ਰਾਡ ਨਾਲ ਸ਼ਟਰ ਉੱਪਰ ਚੁੱਕਦੇ ਹਨ ਅਤੇ ਦੋ ਜਣੇ ਦੁਕਾਨ ਅੰਦਰ ਜਾ ਕੇ ਖਾਨਿਆਂ ਵਿੱਚੋਂ ਕੱਪੜਿਆਂ ਨੂੰ ਬਾਹਰ ਸੁਟ ਰਹੇ, ਕੈਮਰੇ ਵਿੱਚ ਦਿਖਾਈ ਦੇ ਰਹੇ ਹਨ।ਗੁਲਾਬੀ ਮਾਰਕੀਟ ਧਰਮਕੋਟ ਜੋਗੇਵਾਲਾ ਮੁੱਖ ਸੜਕ ਉਪਰ ਸਥਿਤ ਹੈ, ਜਿੱਥੇ ਅਕਸਰ ਰਾਤ ਦਿਨ ਆਵਾਜਾਈ ਚੱਲਦੀ ਰਹਿੰਦੀ ਹੈ।
ਹਿਲਜੁਲ ਹੁੰਦੀ ਦੇਖ ਕੇ ਸੜਕ ਦੇ ਦੂਜੇ ਪਾਸੇ ਸਥਿਤ ਕੋਠੀ ਦੇ ਮਾਲਕ ਵੱਲੋਂ ਆਵਾਜ਼ ਲਗਾਉਣ ’ਤੇ ਚੋਰ ਕਾਹਲੀ ਨਾਲ ਆਪਣੀ ਸਕਾਰਪੀਓ ਗੱਡੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਵਲੋਂ ਹੀ ਇਸ ਦੀ ਇਤਲਾਹ ਪੁਲੀਸ ਨੂੰ ਦੇਣ ਤੋਂ ਬਾਅਦ ਰਾਤ ਨੂੰ ਹੀ ਪੁਲੀਸ ਮੌਕੇ ’ਤੇ ਪੁੱਜ ਗਈ ਸੀ।
ਦੁਕਾਨ ਦੇ ਮਾਲਕ ਪ੍ਰੇਮ ਸਿੰਘ ਨੇ ਦੱਸਿਆ ਕਿ ਚੋਰੀ ਦਾ ਮੌਕੇ ’ਤੇ ਪਤਾ ਚੱਲ ਜਾਣ ਸਦਕਾ ਚੋਰ ਅੰਦਾਜ਼ਨ 5-7 ਹਜ਼ਾਰ ਰੁਪਏ ਦਾ ਕੱਪੜਾ ਹੀ ਚੋਰੀ ਕਰ ਸਕੇ। ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਚੋਰਾਂ ਦੀ ਭਾਲ ਆਰੰਭ ਦਿੱਤੀ ਹੈ। ਥਾਣਾ ਮੁਖੀ ਭਲਵਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਤੋਂ ਮਿਲੀ ਜਾਣਕਾਰੀ ਦੀ ਸਹਾਇਤਾ ਨਾਲ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।