ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News - Road Accident: ਭਰਾ ਦੇ ਵਿਆਹ ਦੇ ਕਾਰਡ ਵੰਡਣ ਜਾਂਦੇ ਸਮੇਂ ਮੋਟਰਸਾਈਕਲ ’ਤੇ Instagram ਦੀਆਂ ਰੀਲਾਂ ਵੇਖਦਾ ਨੌਜਵਾਨ ਹਾਦਸਾ ਸ਼ਿਕਾਰ

Punjab News - Road Accident
ਮ੍ਰਿਤਕ ਸਰਬਜੀਤ ਸਿੰਘ ਦੀ ਫ਼ਾਈਲ ਫ਼ੋਟੋ।
Advertisement

ਹਾਦਸੇ ’ਚ ਮਾਂ-ਪੁੱਤ ਦੀ ਹੋਈ ਮੌਤ; ਸੜਕ ਸੁਰੱਖਿਆ ਫ਼ੋਰਸ ਦੀ ਟੀਮ ਪੁੱਜੀ ਤਾਂ ਸਰਬਜੀਤ ਦੇ ਫੋਨ ’ਤੇ ਚੱਲ ਰਹੀਆਂ ਸਨ ਰੀਲਾਂ ਤੇ ਕੰਨਾਂ ਨੂੰ ਲੱਗੇ ਸਨ Ear Phones

ਸੰਜੀਵ ਹਾਂਡਾ

Advertisement

ਫ਼ਿਰੋਜ਼ਪੁਰ, 1 ਮਾਰਚ

Punjab News - Road Accident: ਵੱਡੇ ਭਰਾ ਦੇ ਵਿਆਹ ਦੇ ਕਾਰਡ ਵੰਡਣ ਲਈ ਮੋਟਰਸਾਈਕਲ ’ਤੇ ਜਾ ਰਹੇ ਛੋਟੇ ਭਰਾ ਅਤੇ ਉਨ੍ਹਾਂ ਦੀ ਮਾਤਾ ਦੀ ਸ਼ਨਿੱਚਰਵਾਰ ਸ਼ਾਮ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ। ਫ਼ਿਰੋਜ਼ਪੁਰ-ਫ਼ਾਜ਼ਿਲਕਾ ਕੌਮੀ ਸ਼ਾਹ ਰਾਹ ’ਤੇ ਸਥਿਤ ਪਿੰਡ ਲਾਲਚੀਆਂ ਦੇ ਨਜ਼ਦੀਕ ਉਨ੍ਹਾਂ ਦਾ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੀ ਟਰਾਲੀ ਵਿਚ ਜਾ ਵੱਜਾ।

ਹਾਦਸੇ ਦੇ ਵਕਤ ਮੋਟਰਸਾਈਕਲ ਚਾਲਕ ਲੜਕਾ ਆਪਣੇ ਮੋਬਾਇਲ ਫ਼ੋਨ ’ਤੇ ਰੀਲਾਂ ਵੇਖਦਾ ਹੋਇਆ ਮੋਟਰਸਾਈਕਲ ਚਲਾ ਰਿਹਾ ਸੀ, ਜਿਸ ਕਰ ਕੇ ਇਹ ਭਿਆਨਕ ਹਾਦਸਾ ਵਾਪਰਿਆ। ਇਸ ਗੱਲ ਦੀ ਜਾਣਕਾਰੀ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਨੇ ਦਿੱਤੀ ਹੈ।

ਵੇਰਵਿਆਂ ਮੁਤਾਬਿਕ ਇਸ ਹਾਦਸੇ ਤੋਂ ਪਹਿਲਾਂ ਪਿੰਡ ਲਾਲਚੀਆਂ ਦੇ ਨਜ਼ਦੀਕ ਸੜਕ ’ਤੇ ਜਾ ਰਹੀ ਇੱਕ ਟਰਾਲੀ ਦੀ ਹੁੱਕ ਟੁੱਟ ਗਈ ਸੀ। ਇਸ ਕਾਰਨ ਟਰੈਕਟਰ ਟਰਾਲੀ ਦਾ ਡਰਾਈਵਰ ਟਰਾਲੀ ਨੂੰ ਸੜਕ ਕਿਨਾਰੇ ਖੜ੍ਹੀ ਕਰ ਕੇ ਮਿਸਤਰੀ ਲੈਣ ਵਾਸਤੇ ਚਲਾ ਗਿਆ।

ਉਧਰੋਂ ਮੋਟਰਸਾਈਕਲ ’ਤੇ ਪਿੰਡ ਲੱਖਾ ਸਿੰਘ ਵਾਲਾ ਉਤਾੜ ਦਾ ਰਹਿਣ ਵਾਲਾ ਨੌਜਵਾਨ ਸਰਬਜੀਤ ਸਿੰਘ ਆਪਣੀ ਮਾਂ ਚੰਨੋ ਬਾਈ ਦੇ ਨਾਲ ਆਪਣੇ ਵੱਡੇ ਭਰਾ ਦੇ ਵਿਆਹ ਦੇ ਕਾਰਡ ਵੰਡਣ ਵਾਸਤੇ ਜਲਾਲਾਬਾਦ ਵੱਲ ਨੂੰ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਵਕਤ ਉਸ ਦੇ ਕੰਨਾਂ ਨੂੰ ਹੈੱਡਫ਼ੋਨ/ਈਅਰਫੋਨ ਲੱਗੇ ਹੋਏ ਸਨ ਤੇ ਉਹ ਇੰਸਟਾਗ੍ਰਾਮ ’ਤੇ ਰੀਲਾਂ ਵੇਖਦਾ ਹੋਇਆ ਮੋਟਰਸਾਈਕਲ ਚਲਾ ਰਿਹਾ ਸੀ, ਜਿਸ ਕਾਰਨ ਬੇਧਿਆਨੀ ਵਿਚ ਉਸਦਾ ਮੋਟਰਸਾਈਕਲ ਅੱਗੇ ਖੜ੍ਹੀ ਟਰਾਲੀ ਵਿਚ ਜਾ ਵੱਜਾ ਤੇ ਦੋਵਾਂ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸੜਕ ਸੁਰੱਖਿਆ ਫ਼ੋਰਸ ਦੀ ਟੀਮ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਸ ਵੇਲੇ ਵੀ ਸਰਬਜੀਤ ਦੇ ਫ਼ੋਨ ’ਤੇ ਇੰਸਟਾਗ੍ਰਾਮ ਰੀਲਾਂ ਚੱਲ ਰਹੀਆਂ ਸਨ। ਇਸ ਦੌਰਾਨ ਖੂਨ ਨਾਲ ਭਿੱਜੀਆਂ ਮਾਂ-ਪੁੱਤ ਦੀਆਂ ਲਾਸ਼ਾਂ ਸੜਕ ’ਤੇ ਪਈਆਂ ਸਨ।

 

Advertisement